ਨਵੰਬਰ ‘ਚ ਹੀ ਠੰਡ ਵਿਖਾਉਣ ਲੱਗੀ ਆਪਣਾ ਰੰਗ, ਸਵੇਰ-ਸ਼ਾਮ ਦੇ ਤਾਪਮਾਨ ‘ਚ ਗਿਰਾਵਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

​ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ‘ਚ ਵੀ ਘਟਿਆ ਤਾਪਮਾਨ

Climate change

ਚੰਡੀਗੜ੍ਹ: ਪਿਛਲੇ ਸਾਲਾਂ ਦੌਰਾਨ ਸਰਦੀ ਦੇ ਲੇਟ ਆਉਣ ਦਾ ਰੁਝਾਨ ਵੇਖਣ ਨੂੰ ਮਿਲਦਾ ਰਿਹਾ ਹੈ। ਪਰ ਇਸ ਵਾਰ ਠੰਡ ਨੇ ਅਕਤੂਬਰ ਨਵੰਬਰ ਮਹੀਨੇ ਹੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ। ਪੰਜਾਬ ਸਮੇਤ ਚੰਡੀਗੜ੍ਹ ‘ਚ ਦਿਨ ਦਾ ਤਾਪਮਾਨ ਭਾਵੇਂ ਉੱਚਾ ਰਹਿੰਦਾ ਹੈ, ਪਰ ਰਾਤ ਨੂੰ ਇਸ ‘ਚ ਗਿਰਾਵਟ ਆਉਣ ਕਾਰਨ ਠੰਡ ਮਹਿਸੂਸ ਹੋਣ ਲੱਗੀ ਹੈ।

ਇਸ ਵਾਰ ਅਕਤੂਬਰ ਮਹੀਨੇ ਹੀ ਲੋਕਾਂ ਨੂੰ ਏਸੀ ਬੰਦ ਕਰਨੇ ਪਏ ਅਤੇ ਹੁਣ ਨਵੰਬਰ ਦੇ ਪਹਿਲੇ ਹਫਤੇ ਹੀ ਰਾਤ ਦਾ ਤਾਪਮਾਨ ਘਟਣ ਕਾਰਨ ਪੱਖੇ ਵੀ ਬੰਦ ਹੋ ਗਏ ਹਨ। ਚੰਡੀਗੜ੍ਹ ਸਮੇਤ ਸਾਰੇ ਖੇਤਰਾਂ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਸਵੇਰ ਤੇ ਸ਼ਾਮ ਦੀ ਠੰਡ ਨੂੰ ਵੇਖਦਿਆਂ ਲੋਕਾਂ ਨੇ ਗਰਮ ਕੱਪੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਘੱਟ ਤਾਪਮਾਨ ਪੰਜਾਬ ਦੇ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਹੈ। ਅੱਜ ਸਵੇਰੇ ਤਾਪਮਾਨ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਜਦਕਿ ਚੰਡੀਗੜ੍ਹ  ਦਾ ਵੱਧ ਤੋਂ ਵੱਧ ਤਾਪਮਾਨ ਸਵੇਰੇ 10 ਵਜੇ ਕਰੀਬ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ 'ਚ ਠੰਡ ਤੇ ਧੁੰਦ ਵਧਣ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰਪਾਲ ਸ਼ਰਮਾ ਮੁਤਾਬਕ ਆਉਂਦੇ ਦੋ ਤਿੰਨ ਦਿਨਾਂ ਤਕ ਅਸਮਾਨ ਸਾਫ ਰਹੇਗਾ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਦੂਜੇ ਪਾਸੇ ਪਹਾੜਾਂ ਵਿਚ ਬਰਫਬਾਰੀ ਦਾ ਦੌਰ ਸ਼ੁਰੂ ਹੋਣ ਕਾਰਨ ਸ਼ਹਿਰ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ।

ਅੱਜ ਸ਼ਹਿਰ ‘ਚ ਸਾਰਾ ਦਿਨ ਧੁੱਪ ਖਿੜੀ ਰਹਿਣ ਕਾਰਨ ਲੋਕ ਸ਼ਹਿਰ ਦੇ ਪਾਰਕਾਂ ਅਤੇ ਸੁਖਨਾ ਝੀਲ 'ਤੇ ਜਾ ਕੇ ਧੁੱਪ ਦਾ ਆਨੰਦ ਲੈ ਰਹੇ ਹਨ। ਐਤਵਾਰ ਹੋਣ ਕਾਰਨ ਸੁਖਨਾ ਝੀਲ 'ਤੇ ਵੱਡੀ ਭੀੜ ਵੇਖਣ ਨੂੰ ਮਿਲੀ ਜਿੱਥੇ ਲੋਕ ਬੋਟਿੰਗ ਦਾ ਆਨੰਦ ਲੈ ਰਹੇ ਸਨ। ਚੰਡੀਗੜ੍ਹ ਦਾ ਤਾਪਮਾਨ ਗੁਆਢੀ ਸੂਬਿਆਂ ਹਰਿਆਣਾ ਅਤੇ ਪੰਜਾਬ ਨਾਲੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦਾ ਤਾਪਮਾਨ ਪੰਜਾਬ ਅਤੇ ਹਰਿਆਣਾ ਤੋਂ ਇਕ ਤੋਂ ਦੋ ਡਿਗਰੀ ਹੇਠਾਂ ਦਰਜ ਕੀਤਾ ਗਿਆ ਹੈ।