ਜਥੇਦਾਰ ਬ੍ਰਹਮਪੁਰਾ ਤੇ ਢੀਂਡਸਾ ਵਿਚ ਦੂਰੀਆਂ ਘਟਣ ਲਗੀਆਂ
ਅਕਾਲੀ ਸਿਆਸਤ ਵਿਚ ਵੀ ਤੇਜ਼ੀ ਨਾਲ ਅੰਦਰਖਾਤੇ ਨਵੀਆਂ ਤਬਦੀਲੀਆਂ ਦਾ ਮਾਹੌਲ ਬਣ ਰਿਹਾ ਹੈ।
ਚੰਡੀਗੜ੍ਹ: ਪੰਜਾਬ ਵਿਚ ਕਿਸਾਨਾਂ ਦੇ ਵੱਡੇ ਅੰਦੋਲਨ ਦੇ ਚਲਦਿਆਂ ਬਦਲ ਰਹੇ ਸਿਆਸੀ ਸਮੀਕਰਨਾਂ ਕਾਰਨ ਆਉਣ ਵਾਲੇ ਦਿਨਾਂ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਨਵਾਂ ਹੀ ਸਿਆਸੀ ਦ੍ਰਿਸ਼ ਦਿਖਾਈ ਦੇਵੇਗਾ।
ਅਕਾਲੀ ਸਿਆਸਤ ਵਿਚ ਵੀ ਤੇਜ਼ੀ ਨਾਲ ਅੰਦਰਖਾਤੇ ਨਵੀਆਂ ਤਬਦੀਲੀਆਂ ਦਾ ਮਾਹੌਲ ਬਣ ਰਿਹਾ ਹੈ। ਨਵੇਂ ਅਕਾਲੀ ਦਲ ਦੇ ਨਾਂ ਨੂੰ ਲੈ ਕੇ ਵੱਖ ਹੋਏ ਸੀਨੀਅਰ ਅਕਾਲੀ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਵਿਚ ਵੀ ਹੁਣ ਦੂਰੀਆਂ ਘਟਣ ਲੱਗੀਆਂ ਹਨ।
ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਜਥੇਦਾਰ ਬ੍ਰਹਮਪੁਰਾ ਤੇ ਢੀਂਡਸਾ ਦੀ ਬਾਬਾ ਸਰਬਜੋਤ ਸਿੰਘ ਬੇਦੀ ਦੀ ਰਿਹਾਇਸ਼ 'ਤੇ ਆਪਸੀ ਮੀਟਿੰਗ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮੀਟਿੰਗ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੀ ਪਹਿਲਕਦਮੀ ਨਾਲ ਸੰਭਵ ਹੋਈ। ਇਸ ਮੀਟਿੰਗ ਦਾ ਏਜੰਡਾ ਸਿਆਸੀ ਨਹੀਂ ਸੀ ਅਤੇ ਸਿਰਫ਼ ਸਿੱਖਾਂ ਦੇ ਧਾਰਮਕ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰ ਕੇ ਭਵਿੱਖ ਵਿਚ ਕੋਈ ਪ੍ਰੋਗਰਾਮ ਬਣਾਉਣਾ ਸੀ।
ਪਤਾ ਲੱਗਾ ਹੈ ਕਿ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਸੰਭਾਵੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਸੰਦਰਭ ਵਿਚ ਵਿਚਾਰ ਵਟਾਂਦਰੇ ਕੀਤੇ ਗਏ। ਮੁੱਖ ਤੌਰ 'ਤੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਸਿੱਖਾਂ ਦੇ ਪਵਿੱਤਰ ਸਥਾਨਾਂ ਨੂੰ ਬਾਦਲਾਂ ਦੇ ਚੁੰਗਲ ਵਿਚੋਂ ਮੁਕਤ ਕਰਵਾਉਣ ਲਈ ਸਿੱਖਾਂ ਨੂੰ ਭਰੋਸੇਯੋਗ ਆਗੂਆਂ ਦਾ ਬਦਲ ਦੇਣ 'ਤੇ ਚਰਚਾ ਕੇਂਦਰਤ ਰਹੀ।
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਪੰਥਕ ਲਹਿਰ ਵਰਗੇ ਸੰਗਠਨਾਂ ਨੂੰ ਨਾਲ ਜੋੜਨ ਦੀ ਗੱਲ ਕੀਤੀ ਗਈ। ਮੀਟਿੰਗ ਦਾ ਮੁੱਖ ਨਤੀਜਾ ਇਹ ਹੈ ਕਿ ਅਗਲੇ ਕਦਮ ਤੋਂ ਪਹਿਲਾਂ ਸ਼ੁਰੂਆਤ ਵਿਚ ਅਕਾਲੀ ਦਲ (ਟਕਸਾਲੀ), ਅਕਾਲੀ ਦਲ (ਡੈਮੋਕਰੇਟਿਕ) ਤੇ ਅਕਾਲੀ ਦਲ 1920 ਤੇ ਹੋਰ ਪ੍ਰਮੁੱਖ ਧਾਰਮਕ ਸ਼ਖ਼ਸੀਅਤਾਂ ਨੂੰ ਨਾਲ ਲੈ ਕੇ ਇਕ ਸਾਂਝੇ ਗਰੁਪ ਦੇ ਗਠਨ ਬਾਰੇ ਸਹਿਮਤੀ ਬਣੀ ਹੈ। ਵਿਸਥਾਰ ਵਿਚ ਚਰਚਾ ਬਾਅਦ ਅਗਲੀ ਮੀਟਿੰਗ ਵਿਚ ਫ਼ੈਸਲੇ ਕਰ ਕੇ ਬਕਾਇਦਾ ਮੁਹਿੰਮ ਦੀ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਗਈ ਹੈ।