ਛੱਤੀਸਗੜ੍ਹ ’ਚ ਸੀਆਰਪੀਐਫ਼ ਦੇ ਜਵਾਨ ਨੇ ਸਾਥੀਆਂ ’ਤੇ ਚਲਾਈਆਂ ਗੋਲੀਆਂ

ਏਜੰਸੀ

ਖ਼ਬਰਾਂ, ਪੰਜਾਬ

ਛੱਤੀਸਗੜ੍ਹ ’ਚ ਸੀਆਰਪੀਐਫ਼ ਦੇ ਜਵਾਨ ਨੇ ਸਾਥੀਆਂ ’ਤੇ ਚਲਾਈਆਂ ਗੋਲੀਆਂ

image

ਚਾਰ ਜਵਾਨਾਂ ਦੀ ਮੌਤ, ਤਿੰਨ ਹੋਰ ਜ਼ਖ਼ਮੀ, ਕੈਂਪ ਵਿਚ ਮੌਜੂਦ ਸਨ 

ਸੁਕਮਾ, 8 ਨਵੰਬਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਸੁਕਮਾ ਜ਼ਿਲ੍ਹੇ ਦੇ ਮਰਈਗੁੜਾ ਨੇੜੇ ਸੋਮਵਾਰ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀ.ਆਰ.ਪੀ.ਐਫ਼.) ਦੇ ਕੈਂਪ ’ਚ ਇਕ ਜਵਾਨ ਨੇ ਅਪਣੇ ਸਾਥੀਆਂ ’ਤੇ ਗੋਲੀਆਂ ਚਲਾ ਦਿਤੀਆਂ। ਜਿਸ ਨਾਲ ਚਾਰ ਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਲਿੰਗਨਪੱਲੀ ਦੇ ਕੈਂਪ ’ਚ ਜਵਾਨਾਂ ਵਿਚਾਲੇ ਕਿਸੇ ਗੱਲ ’ਤੇ ਵਿਵਾਦ ਹੋ ਗਿਆ। ਇਸ ਕਾਰਨ ਇਕ ਜਵਾਨ ਨੇ ਗੋਲੀਆਂ ਚਲਾ ਦਿਤੀਆਂ, ਜਿਸ ਨਾਲ ਤਿੰਨ ਜਵਾਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ ਅਤੇ ਚਾਰ ਨੂੰ ਹਸਪਤਾਲ ਭੇਜਿਆ ਗਿਆ। ਇਕ ਹੋਰ ਜਵਾਨ ਨੇ ਹਸਪਤਾਲ ’ਚ ਦਮ ਤੋੜ ਦਿਤਾ।
  ਸੂਤਰਾਂ ਅਨੁਸਾਰ ਗੋਲੀ ਲੱਗਣ ਨਾਲ ਸੀ.ਆਰ.ਪੀ.ਐਫ਼. ਦੀ 50ਵੀਂ ਬਟਾਲੀਅਨ ਦੇ ਧਨਜੀ, ਰਾਜੀਵ ਮੰਡਲ, ਰਾਜਮਣੀ ਕੁਮਾਰ ਯਾਦਵ ਅਤੇ ਧਰਮੇਂਦਰ ਕੁਮਾਰ ਸ਼ਹੀਦ ਹੋਏ ਹਨ। ਤਿੰਨ ਹੋਰ ਜ਼ਖ਼ਮੀ ਜਵਾਨਾਂ ਧਨੰਜਯ ਕੁਮਾਰ ਸਿੰਘ, ਧਰਮਾਤਮਾ ਕੁਮਾਰ ਅਤੇ ਮਲਯ ਰੰਜਨ ਮਹਾਰਾਣਾ ਦਾ ਇਲਾਜ ਚਲ ਰਿਹਾ ਹੈ। ਸੂਬੇ ਦੇ ਨਕਸਲ ਪ੍ਰਭਾਵਤ ਖੇਤਰਾਂ ਵਿਚ ਆਪਸੀ ਵਿਵਾਦ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਪਿਛਲੇ ਕਰੀਬ ਤਿੰਨ ਸਾਲਾਂ ਵਿਚ 15 ਜਵਾਨਾਂ ਦੀ ਮੌਤ ਹੋਈ ਹੈ। ਸੂਬੇ ਦੇ ਬਸਤਰ ਖੇਤਰ ਦੇ ਪੁਲਿਸ ਕਮਿਸ਼ਨਰ ਸੁੰਦਰਰਾਜ ਪੀ. ਨੇ ਦਸਿਆ ਕਿ ਸੁਕਮਾ ਜ਼ਿਲ੍ਹੇ ਦੇ ਮਰਈਗੁਡਾ ਥਾਣਾ ਖੇਤਰ ਵਿਚ Çਲੰਗਨਪੱਲੀ ਪਿੰਡ ਵਿਚ ਸੀਰਆਰਪੀਐਫ਼ ਦੀ 50ਵੀਂ ਬਟਾਲੀਅਨ ਦੇ ਕੈਂਪ ਵਿਚ ਜਵਾਨ ਰਿਤੇਸ਼ ਰੰਜਨ ਨੇ ਅਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ। ਸੁੰਦਰਰਾਜ ਨੇ ਦਸਿਆ ਕਿ ਸ਼ੁਰੂਆਤੀ ਪੁੱਛਗਿਛ ਵਿਚ ਪਤਾ ਲੱਗਾ ਕਿ ਰੰਜਨ ਅਤੇ ਹੋਰ ਜਵਾਨ ਪਿਛਲੇ ਦੋ-ਤਿੰਨ ਦਿਨਾਂ ਤੋਂ ਇਕ ਦੂਜੇ ਦਾ ਮਜ਼ਾਰ ਉਡਾ ਰਹੇ ਸਨ ਅਤੇ ਇਕ ਦੂਜੇ ਨੂੰ ਚਿੜ੍ਹਾ ਰਹੇ ਸਨ। ਜਿਸ ਕਾਰਨ ਹੋ ਸਕਦਾ ਹੈ ਕਿ ਖਿਝ ਕੇ ਰੰਜਨ ਨੇ ਅਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ ਹੋਣ। ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੁਕਮਾ ਵਿਚ ਗੋਲੀਬਾਰੀ ਤੇ ਜਵਾਨਾਂ ਦੀ ਮੌਤ ’ਤੇ ਦੁੱਖ ਪ੍ਰਗਆਉਂਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ ਇਸ ਦੇ ਲਈ ਢੁਕਵੇਂ ਉਪਾਅ ਕੀਤੇ ਜਾਣੇ ਚਾਹੀਦੇ ਹਨ। ਪੁਲਿਸ ਅਨੁਸਾਰ ਗੋਲੀਬਾਰੀ ਸਮੇਂ ਕੈਂਪ ਵਿਚ 45 ਜਵਾਨ ਮੌਜੂਦ ਸਨ। (ਏਜੰਸੀ)