ਚੰਨੀ ਨੂੰ ਮੁੱਖ ਮੰਤਰੀ ਵਜੋਂ ਮੈਂ ਨਹੀਂ ਬਲਕਿ ਹਾਈਕਮਾਂਡ ਲੈ ਕੇ ਆਈ ਹੈ - ਨਵਜੋਤ ਸਿੱਧੂ
ਬੇਅਦਬੀ ਮਾਮਲੇ ’ਤੇ ਸਿਰਫ਼ ਨਾ ਮਾਤਰ ਕੰਮ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਫਿਰ ਪ੍ਰੈਸ ਕਾਨਫ਼ਰੰਸ ਕੀਤੀ ਤੇ ਬੇਅਦਬੀ ਮਾਮਲੇ ਨੂੰ ਲੈ ਕੇ ਵੱਡੇ ਸਵਾਲ ਕੀਤੇ ਆਪਣੀ ਹੀ ਸਰਕਾਰ ’ਤੇ ਮੁੜ ਨਿਸ਼ਾਨੇ 'ਤੇ ਲਿਆ ਹੈ ਤੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਵਜੋਂ ਮੈਂ ਨਹੀਂ ਬਲਕਿ ਹਾਈਕਮਾਂਡ ਲੈ ਕੇ ਆਈ ਹੈ। ਬੇਅਦਬੀ ਮਾਮਲਿਆਂ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਅਦਾਲਤ ਨੇ ਛੇ ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਅੱਜ ਛੇ ਮਹੀਨੇ ਤੋਂ ਇਕ ਦਿਨ ਉੱਪਰ ਹੋ ਗਿਆ ਹੈ।ਜਾਂਚ ਰਿਪੋਰਟ ਕਿੱਥੇ ਹੈ। ਅਜੇ ਤੱਕ ਜਾਂਚ ਪੂਰੀ ਕਿਉਂ ਨਹੀਂ ਕੀਤੀ ਗਈ?
ਸਿੱਧੂ ਨੇ ਡੀ. ਜੀ. ਪੀ. ਅਤੇ ਏ. ਜੀ. ਦੀ ਨਿਯੁਕਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਕ ਨੇ ਮੁਲਜ਼ਮ ਨੂੰ ਬਲੈਂਕੇਟ ਬੇਲ ਦਿਵਾ ਦਿੱਤੀ ਅਤੇ ਦੂਜੇ ਨੇ ਸੁਮੇਧ ਸੈਣੀ ਨੂੰ ਬਰੀ ਕਰ ਦਿੱਤਾ, ਫਿਰ ਇਸ ਤਰ੍ਹਾਂ ਇਨਸਾਫ਼ ਕਿਸ ਤਰ੍ਹਾਂ ਮਿਲੇਗਾ? ਸਿੱਧੂ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਦੋ ਐੱਫ. ਆਈ. ਆਰ ਦਰਜ ਹਨ ਜਦਕਿ ਇਕ ਵਿਚ ਸੁਮੇਧ ਸੈਣੀ ਮੁਲਜ਼ਮ ਹੈ ਅਤੇ ਉਸ ਨੂੰ ਬਲੈਂਕੇਟ ਮਿਲੀ ਹੈ, ਅਜਿਹੇ ਵਿਚ ਜਾਂਚ ਮੁਕੰਮਲ ਕਿੱਥੋਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ’ਤੇ ਸਿਰਫ਼ ਨਾ ਮਾਤਰ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸੁਮੇਧ ਸੈਣੀ ਨੂੰ ਬਲੈਂਕੇਟ ਬੇਲ ਮਿਲੀ ਸੀ ਤਾਂ ਸਰਕਾਰ ਨੇ ਇਸ ਨੂੰ ਤੋੜਨ ਲਈ ਐੱਸ. ਐੱਲ. ਪੀ. ਕਿਉਂ ਨਹੀਂ ਪਾਈ। ਸਰਕਾਰ ਨੇ ਜਿਹੜੇ ਨਵੇਂ ਵਕੀਲ ਲਗਾਏ ਹਨ ਉਹ ਜਵਾਬ ਦੇਣ ਕਿ ਉਹ ਕਿਹੜਾ ਕਾਰਨ ਸੀ ਜਿਸ ਕਾਰਣ ਉਨ੍ਹਾਂ ਨੇ ਐੱਸ. ਐੱਲ. ਪੀ. ਨਹੀਂ ਲਗਾਈ ਜਾਂ ਉਹਨਾਂ ਨੂੰ ਕਿਸ ਨੇ ਕਿਹਾ ਸੀ। ਐੱਸ. ਐੱਲ. ਪੀ. ਲਗਾਉਣ ਤੋਂ ਇਕ ਹਫ਼ਤੇ ਬਾਅਦ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਐੱਸ. ਟੀ. ਐੱਫ. ਦੀ ਰਿਪੋਰਟ ਨੂੰ ਲੈ ਕੇ ਸਿੱਧੂ ਨੇ ਕਿਗਾ ਕਿ ਸਰਕਾਰ ਇਸ ਰਿਪੋਰਟ ਨੂੰ ਜਨਤਕ ਕਿਉਂ ਨਹੀਂ ਕਰ ਰਹੀ ਹੈ।
ਸਰਕਾਰ ਦੱਸੇ ਕਿ ਉਸ ਨੂੰ ਕਿਸ ਦਾ ਡਰ ਹੈ, ਜਦੋਂ ਅਦਾਲਤ ਨੂੰ ਕੋਈ ਦਿੱਕਤ ਨਹੀਂ ਹੈ ਤਾਂ ਸਰਕਾਰ ਕਿਉਂ ਡਰ ਰਹੀ ਹੈ। ਸਿੱਧੂ ਨੇ ਕਿਹਾ ਕਿ ਉਹ ਚੰਗੇ ਕੰਮਾਂ ਦੀ ਸ਼ਲਾਘਾ ਵੀ ਕਰਦੇ ਹਨ, ਪੈਟਰੋਲ ਡੀਜ਼ਲ ਸਸਤਾ ਹੋਇਆ ਚੰਗੀ ਗੱਲ ਹੈ ਪਰ ਕੀ ਇਹ ਫੈਸਲਾ ਪੰਜ ਸਾਲ ਲਈ ਲਾਗੂ ਰਹੇਗਾ। ਸਭ ਤੋਂ ਪਹਿਲਾਂ ਸਰਕਾਰ ਕੋਲ ਪੈਸੇ ਕਮਾਉਣ ਦਾ ਸਾਧਨ ਹੋਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਉਹ ਸਿਆਸਤ ਵਿਚ ਕਿਸੇ ਕੁਰਸੀ ਦੇ ਲਾਲਚੀ ਨਹੀਂ ਹਨ। ਸਗੋਂ ਲੋਕਾਂ ਦੇ ਵਿਸ਼ਵਾਸ ਖ਼ਾਤਰ ਹਾਂ। ਉਹਨਾਂ ਕਿਹਾ ਕਿ ਉਹ ਤਾਂ ਪੌਣੇ ਪੰਜ ਸਾਲਾਂ ਤੋਂ ਅਪਣੀ ਜਗ੍ਹਾ 'ਤੇ ਹੀ ਖੜ੍ਹੇ ਹਨ ਪਰ ਜੋ ਬਦਲ ਗਏ ਹਨ ਉਹ ਅਪਣੇ ਸਟੈਂਡ ਸਪੱਸ਼ਟ ਕਰਨ।
ਉਹਨਾਂ ਕਿਹਾ ਕਿ ਪੰਜਾਬ ਦੇ ਦੋ ਵੱਡੇ ਮਸਲੇ ਜਿਨ੍ਹਾਂ ਦਾ ਪਰਦਾਫਾਸ਼ ਕਰਨ ਲਈ ਸਿਆਸੀ ਤਾਕਤ ਚਾਹੀਦੀ ਹੈ। ਇਕ ਬੇਅਦਬੀ ਅਤੇ ਦੂਜਾ ਪੰਜਾਬ ਦਾ ਖਜ਼ਾਨਾ ਭਰਨਾ ਹੈ ਤੇ ਇਹ ਖ਼ਜ਼ਾਨਾ ਭਰਨ ਲਈ ਇਕ ਰੋਡ ਮੈਪ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਪਾਵਰ ਮੇਰੇ ਕੋਲ ਹੈ ਮੈਂ ਉਸ ਦੀ ਵਰਤੋਂ ਕਰ ਰਿਹਾ ਹਾਂ ਪਰ ਲੋਕ ਆਖ ਰਹੇ ਕਿ ਸਿੱਧੂ ਪ੍ਰਧਾਨ ਬਣ ਗਿਆ ਹੁਣ ਮਸਲੇ ਹੱਲ ਕਰੇ ਪਰ ਮਸਲੇ ਹੱਲ ਕਰਨ ਲਈ ਐਡਮਨਿਸਟਰੇਟਰ ਪਾਵਰਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਜਨਤਾ ਦੇ ਸਵਾਲ ਕੀ ਹਨ ਉਹਨਾਂ ਦੀਆਂ ਮੁਸ਼ਕਿਲਾਂ ਕੀ ਹਨ, 12000 ਪਿੰਡਾਂ ਵਿਚ ਜਾ ਕੇ ਪੁੱਛੋਂ ਕਿ ਲੋਕ ਕੀ ਕਹਿਣਾ ਚਾਹੁੰਦੇ ਹਨ?
ਕੈਪਟਨ ਅਮਰਿੰਦਰ ਬਾਰੇ ਉਹਨਾਂ ਬੋਲਦਿਆਂ ਕਿਹਾ ਕਿ ਉਹਨਾਂ ਨੇ ਕੰਮ ਨਹੀਂ ਸੀ ਕੀਤਾ ਇਸ ਕਰ ਕੇ ਤਾਂ ਉਹਨਾਂ ਨੂੰ ਕੁਰਸੀ ਤੋਂ ਲਾਇਆ ਗਿਆ ਹੈ।