ਸੌਦਾ ਸਾਧ ਤੋਂ ਪੁਛਗਿੱਛ ਕਰਨ ਲਈ ਅੱਜ ਸੁਨਾਰੀਆ ਜੇਲ ਪੁੱਜੇਗੀ ਐਸ.ਆਈ.ਟੀ.

ਏਜੰਸੀ

ਖ਼ਬਰਾਂ, ਪੰਜਾਬ

ਸੌਦਾ ਸਾਧ ਤੋਂ ਪੁਛਗਿੱਛ ਕਰਨ ਲਈ ਅੱਜ ਸੁਨਾਰੀਆ ਜੇਲ ਪੁੱਜੇਗੀ ਐਸ.ਆਈ.ਟੀ.

image

 

ਕੋਟਕਪੂਰਾ, 7 ਨਵੰਬਰ (ਗੁਰਿੰਦਰ ਸਿੰਘ): ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸ.ਆਈ.ਟੀ. ਦੀ ਪੂਰੀ ਟੀਮ ਇੰਚਾਰਜ ਸੁਰਿੰਦਰਪਾਲ ਸਿੰਘ ਪਰਮਾਰ ਆਈ ਜੀ ਬਾਰਡਰ ਰੇਂਜ ਦੀ ਅਗਵਾਈ ਵਿਚ ਸੌਦਾ ਸਾਧ ਤੋਂ ਪੁੱਛਗਿੱਛ ਕਰਨ ਲਈ 8 ਨਵੰਬਰ ਦਿਨ ਸੋਮਵਾਰ ਨੂੰ  ਸਵੇਰ ਸਮੇਂ ਹੀ ਸੁਨਾਰੀਆ ਜੇਲ ਵਿਖੇ ਪੁੱਜ ਜਾਵੇਗੀ | ਟੀਮ ਦੇ ਮੁਖੀ ਐਸਪੀਐਸ ਪਰਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਐਸਆਈਟੀ ਦੇ ਸਾਰੇ ਮੈਂਬਰ ਉਹੀ ਹਨ, ਸਿਰਫ਼ ਏਆਈਜੀ ਰਜਿੰਦਰ ਸਿੰਘ ਸੋਹਲ ਦੀ ਸੇਵਾਮੁਕਤੀ ਕਾਰਨ ਉਨ੍ਹਾਂ ਦੀ ਥਾਂ ਮੁਖਵਿੰਦਰ ਸਿੰਘ ਭੁੱਲਰ ਐਸਐਸਪੀ ਦੀ ਨਿਯੁਕਤੀ ਹੋਈ ਹੈ |
ਉਨ੍ਹਾਂ ਦਸਿਆ ਕਿ 1 ਜੂਨ 2015 ਨੂੰ  ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ 'ਚੋਂ ਚੋਰੀ ਹੋਏ ਪਾਵਨ ਸਰੂਪ ਦੇ ਸਬੰਧ 'ਚ ਥਾਣਾ ਬਾਜਾਖ਼ਾਨਾ ਵਿਖੇ ਦਰਜ ਐਫ਼ਆਈਆਰ ਨੰਬਰ 63 ਵਿਚ ਡੇਰਾ ਸਿਰਸਾ ਦੇ ਮੁਖੀ ਦੀ ਪੁੱਛਗਿੱਛ ਕੀਤੀ ਜਾਵੇਗੀ | ਰੋਜ਼ਾਨਾ ਸਪੋਕਸਮੈਨ ਦੇ ਇਨ੍ਹਾਂ ਕਾਲਮਾਂ ਵਿਚ ਦਸਿਆ ਜਾ ਚੁੱਕਾ ਹੈ ਕਿ ਪਾਵਨ ਸਰੂਪ ਚੋਰੀ ਹੋਣ ਸਮੇਂ ਪੁਲਿਸ ਨੇ ਦੋ ਸਿਰੋਂ ਮੋਨੇ ਲੜਕਿਆਂ ਦੇ ਸਕੈੱਚ ਜਾਰੀ ਕਰ ਕੇ ਦਾਅਵਾ ਕੀਤਾ ਸੀ ਕਿ ਦੋਸ਼ੀਆਂ ਨੂੰ  ਜਲਦ ਕਾਬੂ ਕਰ ਲਿਆ ਜਾਵੇਗਾ ਪਰ ਬਾਦਲ ਸਰਕਾਰ ਦੇ ਸਿਆਸੀ ਦਬਾਅ ਕਾਰਨ ਪੁਲਿਸ ਪ੍ਰਸ਼ਾਸਨ ਇਕ ਵੀ ਸਿਰੋਂ ਮੋਨੇ ਲੜਕੇ ਨੂੰ  ਤਫ਼ਤੀਸ਼ ਵਿਚ ਸ਼ਾਮਲ ਕਰਨ ਦੀ ਜੁਰਅੱਤ ਨਾ ਕਰ ਸਕੀ, ਸਗੋਂ ਇਨਸਾਫ਼ ਮੰਗਣ ਵਾਲੇ ਸਿੱਖ ਨੌਜਵਾਨਾਂ ਅਤੇ ਪੰਥਦਰਦੀਆਂ ਨੂੰ  ਹੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ |
ਇਹ ਦਸਣਾ ਵੀ ਜ਼ਰੂਰੀ ਹੈ ਕਿ 2 ਅਪੈ੍ਰਲ 2019 ਨੂੰ  ਆਈ ਜੀ ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ. ਕੋਲ ਅਦਾਲਤੀ ਹੁਕਮ ਹੋਣ ਦੇ ਬਾਵਜੂਦ ਵੀ ਉਥੋਂ ਦੇ ਪ੍ਰਸ਼ਾਸਨ ਨੇ ਸੌਦਾ ਸਾਧ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਸੀ ਦਿਤੀ ਪਰ ਹੁਣ ਆਈ ਜੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਵਲੋਂ ਅਗਾਊਾ ਸੂਚਨਾ ਦੇਣ ਅਤੇ ਪ੍ਰਵਾਨਗੀ ਮੰਗਣ ਤੋਂ ਬਾਅਦ ਉਥੋਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਐਸਆਈਟੀ ਨੂੰ  ਸੌਦਾ ਸਾਧ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿਤੀ ਹੈ |