ਸੋਸ਼ਲ ਮੀਡੀਆ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ 'ਤੇ ਕੇਂਦਰ ਤੇ ਪੰਜਾਬ ਸਰਕਾਰ ਕਰੇ ਸਖ਼ਤ ਕਾਰਵਾਈ : ਜਥੇਦਾਰ
ਸੋਸ਼ਲ ਮੀਡੀਆ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ 'ਤੇ ਕੇਂਦਰ ਤੇ ਪੰਜਾਬ ਸਰਕਾਰ ਕਰੇ ਸਖ਼ਤ ਕਾਰਵਾਈ : ਜਥੇਦਾਰ
ਕਿਹਾ, ਸਿੱਖ ਕਦੇ ਵੀ ਕਿਸੇ ਕਿਸਮ ਦਾ ਨਫ਼ਰਤੀ ਪ੍ਰਚਾਰ-ਪ੍ਰਸਾਰ ਨਹੀਂ ਕਰਦਾ
ਅੰਮਿ੍ਤਸਰ, 7 ਨਵੰਬਰ (ਪੱਤਰ ਪ੍ਰੇਰਕ) : ਸੋਸ਼ਲ ਮੀਡੀਆ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘਟੀਆ ਲੋਕਾਂ 'ਤੇ ਕੇਂਦਰ ਤੇ ਪੰਜਾਬ ਸਰਕਾਰ ਸਖ਼ਤ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਸ਼ਾਂਤ ਰਹੇ ਤੇ ਪੰਜਾਬ ਅੰਦਰ ਕੋਈ ਵੀ ਅਣਹੋਣੀ ਘਟਨਾ ਨਾ ਵਾਪਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕੱੁਝ ਦਿਨਾਂ ਤੋਂ ਪੰਜਾਬ ਅੰਦਰ ਸੋਸ਼ਲ ਮੀਡੀਆ 'ਤੇ ਬੜੇ ਜ਼ੋਰਾਂ-ਸ਼ੋਰਾਂ ਨਾਲ ਸਿੱਖਾਂ ਵਿਰੁਧ ਨਫ਼ਰਤ ਭਰਿਆ ਪ੍ਰਚਾਰ ਚਲ ਰਿਹਾ ਹੈ ਤੇ ਸਿੱਖਾਂ ਵਿਰੁਧ ਜ਼ਹਿਰੀਲਾ ਪ੍ਰਚਾਰ ਕਰ ਕੇ 2 ਫ਼ੀ ਸਦੀ ਸਿੱਖ ਦਸ ਕੇ ਉਨ੍ਹਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ | ਅੰਮਿ੍ਤਸਰ 'ਚ ਹੋਏ ਕਤਲ ਕੇਸ 'ਚ ਫੜੇ ਗਏ ਸੰਦੀਪ ਸਿੰਘ ਦੀ ਮਾਤਾ, ਉਸ ਦੀ ਪਤਨੀ ਤੇ ਪ੍ਰਵਾਰ ਬਾਰੇ ਬਹੁਤ ਹੀ ਘਟੀਆ ਸ਼ਬਦਾਵਲੀ ਵਰਤੀ ਜਾ ਰਹੀ ਹੈ |
ਇਸ ਘਟੀਆ ਵਰਤਾਰੇ ਨੂੰ ਪੰਜਾਬ ਅੰਦਰੋਂ ਤੁਰਤ ਰੋਕਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਸਿੱਖਾਂ ਵਿਰੁਧ ਨਫ਼ਰਤੀ ਵਰਤਾਰੇ ਨੂੰ ਰੋਕਣ 'ਚ ਨਾਕਾਮਯਾਬ ਰਹਿੰਦੀਆਂ ਹਨ ਤੇ ਘਟੀਆ ਸ਼ਬਦਾਵਲੀ ਵਰਤਣ ਵਾਲੇ ਲੋਕਾਂ 'ਤੇ ਲਗਾਮ ਨਹੀਂ ਕਸਦੀਆਂ ਤਾਂ ਆਉਣ ਵਾਲੇ ਦਿਨਾਂ 'ਚ ਇਸ ਦੇ ਨਤੀਜੇ ਬਹੁਤ ਭਿਆਨਕ ਨਿਕਲ ਸਕਦੇ ਹਨ ਤੇ ਪੰਜਾਬ ਦਾ ਮਾਹੌਲ ਫਿਰ ਤੋਂ ਖ਼ਰਾਬ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਕਿਸੇ ਕਿਸਮ ਦਾ ਨਫ਼ਰਤੀ ਪ੍ਰਚਾਰ-ਪ੍ਰਸਾਰ ਨਹੀਂ ਕਰਦਾ ਤੇ ਨਾ ਹੀ ਕਿਸੇ ਧਰਮ ਜਾਂ ਕਿਸੇ ਗ੍ਰੰਥ ਦਾ ਨਿਰਾਦਰ ਕਰਦਾ ਹੈ | ਹਾਂ, ਜਦੋਂ ਉਨ੍ਹਾਂ ਦੇ ਧਾਰਮਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜਾਂ ਮਾੜਾ ਬੋਲਿਆ ਜਾਂਦਾ ਹੈ, ਮਜ਼ਾਕ ਉਡਾਇਆ ਜਾਂਦਾ ਹੈ ਜਾਂ ਜਦੋਂ
ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਦੋਂ ਜ਼ਰੂਰ ਅਗਰੈਸਿਵ ਹੁੰਦਾ ਹੈ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਸੱਚਾ ਸਿੱਖ ਕਦੇ ਵੀ ਕਿਸੇ ਧਾਰਮਕ ਗ੍ਰੰਥ, ਕਿਸੇ ਧਰਮ ਜਾਂ ਕੌਮ ਵਿਰੁਧ ਮਾੜੇ ਬੋਲ ਨਹੀਂ ਬੋਲਦਾ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਮਾਹੌਲ ਸ਼ਾਂਤ ਰਖਣਾ ਹੈ ਤਾਂ ਸਰਕਾਰਾਂ ਸਿੱਖਾਂ ਵਿਰੁਧ ਜਾਣ-ਬੁੱਝ ਕੇ ਨਫ਼ਰਤ ਫੈਲਾਉਣ ਤੇ ਮਾਹੌਲ ਖ਼ਰਾਬ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨ |