ਆਨਲਾਈਨ ਬਦਲੀਆਂ ’ਚ ਊਣਤਾਈਆਂ ਕਾਰਨ ਅਧਿਆਪਕ ਹੋ ਰਹੇ ਖੱਜਲ-ਖੁਆਰ
ਨਵੇਂ ਸਟੇਸ਼ਨ ’ਤੇ ਜੁਆਇਨਿੰਗ ਨਾ ਹੋਣ ਕਰ ਕੇ ਵਿਚਾਲੇ ਅਟਕੇ ਅਧਿਆਪਕ
ਚੰਡੀਗੜ੍ਹ- ਸਿੱਖਿਆ ਵਿਭਾਗ ਪੰਜਾਬ ਵਲੋਂ ਪਿਛਲੇ ਦਿਨੀਂ ਅਧਿਆਪਕਾਂ ਦੀਆਂ ਕੀਤੀਆਂ ਗਈਆਂ ਆਨਲਾਈਨ ਬਦਲੀਆਂ ਵਿਚ ਵੱਡੀਆਂ ਊਣਤਾਈਆਂ ਹੋਣ ਕਾਰਨ ਸੂਬੇ ਦੇ ਅਧਿਆਪਕ ਖੱਜਲ-ਖੁਆਰ ਹੋ ਰਹੇ ਹਨ। ਸੰਯੁਕਤ ਅਧਿਆਪਕ ਫਰੰਟ ਦੇ ਸੂਬਾਈ ਆਗੂਆਂ ਦਿਗਵਿਜੈਪਾਲ ਸ਼ਰਮਾ, ਗੁਰਜਿੰਦਰ ਸਿੰਘ ਫ਼ਤਿਹਗੜ੍ਹ ਵਿਕਾਸ ਗਰਗ ਰਾਜਪਾਲ ਖਨੌਰੀ , ਜੋਗਿੰਦਰ ਸਿੰਘ ਵਰ੍ਹੇ ਅਤੇ ਯੁੱਧਜੀਤ ਸਰਾਂ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਗੇੜ ਵਿਚ ਬਦਲੀ ਹੋਏ ਬਹੁਤੇ ਅਧਿਆਪਕਾਂ ਨੂੰ ਨਵੀਆਂ ਥਾਵਾਂ 'ਤੇ ਜੁਆਇਨ ਨਹੀਂ ਕਰਵਾਇਆ ਜਾ ਰਿਹਾ, ਜਦਕਿ ਉਹ ਆਪਣੇ ਪਿੱਤਰੀ ਸਟੇਸ਼ਨਾਂ ਤੋਂ ਫਾਰਗ ਹੋ ਚੁੱਕੇ ਹਨ।
ਆਗੂਆਂ ਨੇ ਮੰਗ ਕੀਤੀ ਕਿ ਪੀੜਤ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਸਟੇਸ਼ਨ ਦੀ ਚੋਣ ਕਰਵਾ ਕੇ ਅਡਜਸਟਮੈਂਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਹੁਤੇ ਸਕੂਲਾਂ ਵਿਚ ਖਾਲੀ ਸਟੇਸ਼ਨ ਪਏ ਹਨ ਪਰ ਉਨ੍ਹਾਂ ਤੇ ਤਾਇਨਾਤੀ ਹੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਬਹੁਤੇ ਅਧਿਆਪਕਾਂ ਨੇ ਬਦਲੀ ਲਈ ਅਪਲਾਈ ਵੀ ਨਹੀਂ ਕੀਤਾ, ਪਰ ਵਿਭਾਗ ਨੇ ਉਨ੍ਹਾਂ ਦੀਆਂ ਬਦਲੀਆਂ ਦੂਰ-ਦੁਰਾਡੇ ਜ਼ਿਲ੍ਹਿਆਂ ਵਿਚ ਕਰ ਦਿੱਤੀਆਂ ਹਨ। ਪ੍ਰਾਇਮਰੀ ਕੇਡਰ ਦੇ ਅੰਗਹੀਣ ਅਧਿਆਪਕਾਂ ਦੀਆਂ ਜ਼ਿਲ੍ਹਿਆਂ ਵਿਚ ਆਸਾਮੀਆਂ ਖਾਲੀ ਹੋਣ ਦੇ ਬਾਵਜੂਦ ਬਦਲੀ ਨਹੀਂ ਕੀਤੀ ਗਈ।
ਆਗੂਆਂ ਨੇ ਮੰਗ ਕੀਤੀ ਕਿ 200-250 ਕਿਲੋਮੀਟਰ ’ਤੇ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ ’ਤੇ ਵੱਖਰਾ ਮੌਕਾ ਦਿੱਤਾ ਜਾਵੇ। ਪ੍ਰੋਬੇਸ਼ਨ ਦੀ ਆੜ ਵਿਚ ਰੋਕੇ 2392 ਤੇ 3704 ਮਾਸਟਰ ਕੇਡਰ ਭਰਤੀਆਂ ਦੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ। ਹਰ ਕਿਸਮ ਦੀ ਸਟੇਅ ਦੀ ਸ਼ਰਤ ਹਟਾ ਕੇ ਅਧਿਆਪਕਾਂ ਦੇ ਪਿੱਤਰੀ ਜ਼ਿਲ੍ਹਿਆਂ ਵਿਚ ਬਦਲੀ ਕੀਤੀ ਜਾਵੇ।