ਅਨੁਸ਼ਾਸਨੀ ਕਮੇਟੀ ਨੇ ਪੱਕੇ ਤੌਰ 'ਤੇ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਵਿਚੋਂ ਕਢਿਆ
ਅਨੁਸ਼ਾਸਨੀ ਕਮੇਟੀ ਨੇ ਪੱਕੇ ਤੌਰ 'ਤੇ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਵਿਚੋਂ ਕਢਿਆ
ਬੀਬੀ ਦਾ ਪ੍ਰਤੀਕਰਮ : ਜਿਨ੍ਹਾਂ ਨੂੰ ਲੋਕਾਂ ਨੇ ਕੱਢ ਦਿਤਾ ਹੋਵੇ, ਉਹ ਮੈਨੂੰ ਕੀ ਕੱਢਣਗੇ?
ਚੰਡੀਗੜ੍ਹ, 7 ਨਵੰਬਰ (ਗੁਰਉਪਦੇਸ਼ ਭੁੱਲਰ): ਸ਼ੋ੍ਰਮਣੀ ਅਕਾਲੀ ਦਲ ਵਲੋਂ ਅੱਜ ਆਖ਼ਰ ਸੀਨੀਅਰ ਆਗੂ ਅਤੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਚੋਂ ਬਾਹਰ ਕਰ ਦਿਤਾ ਹੈ | ਬੀਬੀ ਵਲੋਂ 9 ਨਵੰਬਰ ਨੂੰ ਹੋਣ ਵਾਲੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਲਿਫ਼ਾਫ਼ਾ ਕਲਚਰ ਨੂੰ ਲੈ ਕੇ ਦਿਤੇ ਬਿਆਨ ਅਤੇ ਪ੍ਰਧਾਨਗੀ ਦੀ ਚੋਣ ਲੜਨ ਦੇ ਕੀਤੇ ਐਲਾਨ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਸੀ |
ਮਿਲੀ ਜਾਣਕਾਰੀ ਮੁਤਾਬਕ ਮਲੂਕਾ ਅਤੇ ਕਮੇਟੀ ਦੇ ਹੋਰ ਮੈਂਬਰ 12 ਵਜੇ ਤੋਂ ਪਹਿਲਾਂ ਹੀ ਆ ਗਏ ਸਨ ਅਤੇ ਉਨ੍ਹਾਂ ਬੀਬੀ ਦੇ ਆਉਣ ਦੀ ਉਡੀਕ ਕੀਤੀ ਪਰ ਸਮਾਂ ਲੰਘ ਜਾਣ 'ਤੇ ਉਨ੍ਹਾਂ ਦੇ ਦਾਮਾਦ ਨੂੰ ਫ਼ੋਨ ਕੀਤਾ ਗਿਆ ਪਰ ਫਿਰ ਵੀ ਗੱਲ ਨਾ ਬਣੀ ਤੇ ਉਨ੍ਹਾਂ ਦੇ ਪੀ.ਏ. ਨੂੰ ਫ਼ੋਨ ਕੀਤਾ ਗਿਆ | ਉਨ੍ਹਾਂ ਦੇ ਪੀ.ਏ. ਨੇ ਬੀਬੀ ਦਾ ਸੁਨੇਹਾ ਕਮੇਟੀ ਨੂੰ ਦਿੰਦੇ ਹੋਏ ਸਾਫ਼ ਕਹਿ ਦਿਤਾ ਕਿ ਉਹ ਨਹੀਂ ਆ ਰਹੇ | ਬੀਬੀ ਜਗੀਰ ਕੌਰ ਨੇ ਅਨੁਸ਼ਾਸਨੀ ਕਮੇਟੀ ਨੂੰ ਵੀ ਬੋਗਸ ਦਸਿਆ | ਇਸ ਤੋਂ ਬਾਅਦ ਕਮੇਟੀ ਨੇ ਅਪਣੀ ਅਗਲੀ ਕਾਰਵਾਈ ਸ਼ੁਰੂ ਕੀਤੀ |
ਉਧਰ ਬੀਬੀ ਜਗੀਰ ਕੌਰ ਦੇ ਤੇਵਰ ਹੋਰ ਵੀ ਤਿੱਖੇ ਹੋ ਗਏ ਹਨ | ਉਨ੍ਹਾਂ ਇਸ ਬਾਰੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਕ ਸੋਚ ਹੈ ਤੇ ਸ਼ਾਨਾਂਮੱਤੇ ਇਤਿਹਾਸ ਵਾਲੀ ਪਾਰਟੀ ਹੈ | ਇਹ ਕਿਸੇ ਇਕ ਵਿਅਕਤੀ ਦੀ ਜਗੀਰ ਨਹੀਂ | ਦੋ ਜਾਂ ਤਿੰਨ ਵਿਅਕਤੀ ਮੈਨੂੰ ਪਾਰਟੀ ਵਿਚੋਂ ਨਹੀਂ ਕੱਢ ਸਕਦੇ | ਉਨ੍ਹਾਂ ਸਖ਼ਤ ਟਿਪਣੀ ਕਰਦੇ ਹੋਏ ਇਥੋਂ ਤਕ ਕਹਿ ਦਿਤਾ ਕਿ ਜੋ ਲੋਕਾਂ ਨੇ ਅਪਣੇ ਵਿਚੋਂ ਕੱਢੇ ਹੋਏ ਹਨ, ਉਹ ਮੈਨੂੰ ਨਹੀਂ ਕੱਢ ਸਕਦੇ | ਭਾਜਪਾ ਨਾਲ ਸਬੰਧਾਂ ਨੂੰ ਖ਼ਾਰਜ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਨਾਲ ਵੀ ਗੱਲਬਾਤ ਕਰ ਸਕਦੀ ਹਾਂ ਅਤੇ ਮੈਂ ਕਿਸੇ ਦੀ ਗ਼ੁਲਾਮ ਨਹੀਂ ਪਰ ਇਸ ਦਾ ਅਰਥ ਗ਼ਲਤ ਕਢਣਾ ਠੀਕ ਨਹੀਂ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪਾਰਟੀ ਢਾਂਚਾ ਭੰਗ ਹੈ ਅਤੇ ਅਨੁਸ਼ਾਸਨੀ ਕਮੇਟੀ ਕਿਸ ਨੇ ਬਣਾਈ ਹੈ, ਜੋ ਬੋਗਸ ਹੈ | ਇਸ ਨੂੰ ਮੈਂ ਨਹੀਂ ਮੰਨਦੀ | ਉਨ੍ਹਾਂ ਮੁੜ ਸਵਾਲ ਕੀਤਾ ਕਿ ਦਸਿਆ ਜਾਵੇ ਕਿ ਪਾਰਟੀ ਸੰਵਿਧਾਨ ਦੀ
ਕਿਹੜੀ ਧਾਰਾ ਤਹਿਤ ਮੈਨੂੰ ਪਾਰਟੀ ਵਿਚੋਂ ਬਿਨਾਂ ਸੁਣੇ ਬਿਨਾਂ ਨੋਟਿਸ ਮੁਅੱਤਲ ਕੀਤਾ ਗਿਆ ਸੀ | ਉਨ੍ਹਾਂ ਕਿਹਾ,''ਮੈਂ ਕੋਈ ਵੀ ਪਾਰਟੀ ਵਿਰੋਧੀ ਕੰਮ ਜਾਂ ਪ੍ਰਚਾਰ ਨਹੀਂ ਕੀਤਾ | ਪਾਰਟੀ ਪ੍ਰਧਾਨ ਵਿਰੁਧ ਕੁੱਝ ਨਹੀਂ ਸੀ ਬੋਲੀ ਪਰ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੀ ਚੋਣ ਲੜਨਾ ਮੈਂਬਰਾਂ ਦਾ ਅਧਿਕਾਰ ਹੈ ਅਤੇ ਇਹ ਕੋਈ ਗ਼ੁਨਾਹ ਜਾ ਪਾਰਟੀ ਵਿਰੋਧੀ ਗੱਲ ਨਹੀਂ |''
ਉਨ੍ਹਾਂ ਕਿਹਾ,''ਮੈਂ ਤਾਂ ਪ੍ਰਧਾਨਗੀ ਦਾ ਦਾਅਵਾ ਉਸ ਸਮੇਂ ਰਖਿਆ ਸੀ ਜਦੋਂ ਪ੍ਰਧਾਨ ਦੇ ਉਮੀਦਵਾਰ ਦਾ ਐਲਾਨ ਵੀ ਨਹੀਂ ਹੋਇਆ ਸੀ |'' ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਹੀ ਰਹੇਗੀ ਅਤੇ ਬਿਨਾਂ ਕਿਸੇ ਅਹੁਦੇ ਤੋਂ ਵੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰ ਸਕਦੀ ਹਾਂ | ਅਕਾਲੀ ਦਲ ਕਿਸੇ ਵਿਅਕਤੀ ਦਾ ਜਗੀਰ ਨਹੀਂ ਬਲਕਿ ਇਕ ਸੋਚ ਤੇ ਪੰਥ ਦੀ ਨੁਮਾਇੰਦਾ ਜਮਾਤ ਹੈ | ਉਨ੍ਹਾਂ ਕਿਹਾ ਕਿ ਜੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੀ ਸੇਵਾ ਮਿਲੀ ਤਾਂ ਸ਼ੋ੍ਰਮਣੀ ਕਮੇਟੀ ਦੀ ਆਜ਼ਾਦ ਖ਼ੁਦਮੁਖਤਿਆਰ ਹੋਂਦ ਤੇ ਪੰਥਕ ਰੁਤਬੇ ਦੀ ਬਹਾਲੀ ਪਹਿਲਾਂ ਕੰਮ ਹੋਵੇਗਾ |