ਗੁਰੂ ਘਰ ਪ੍ਰਬੰਧ ਸੁਧਾਰ ਲਹਿਰ ਬੀਬੀ ਜਾਗੀਰ ਕੌਰ ਦੀ ਹਮਾਇਤ 'ਚ ਨਿੱਤਰੀ

ਏਜੰਸੀ

ਖ਼ਬਰਾਂ, ਪੰਜਾਬ

ਗੁਰੂ ਘਰ ਪ੍ਰਬੰਧ ਸੁਧਾਰ ਲਹਿਰ ਬੀਬੀ ਜਾਗੀਰ ਕੌਰ ਦੀ ਹਮਾਇਤ 'ਚ ਨਿੱਤਰੀ

image

ਫ਼ਤਿਹਗੜ੍ਹ ਸਾਹਿਬ 7 ਨਵੰਬਰ (ਗੁਰਬਚਨ ਸਿੰਘ ਰੁਪਾਲ ) : ਗੁਰੂ ਘਰਾਂ ਦੇ ਪ੍ਰਬੰਧ ਦੇ ਸੁਧਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਬਾਦਲ ਪਰਿਵਾਰ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਗੁਰੂ ਘਰ ਪ੍ਰਬੰਧ ਸੁਧਾਰ ਲਹਿਰ ਪੰਜਾਬ ਸੰਸਥਾ ਬੀਬੀ ਜਾਗੀਰ ਕੌਰ ਦੇ ਦਲੇਰਾਨਾ ਕਦਮ ਦੀ ਡਟਕੇ ਹਮਾਇਤ ਵਿਚ ਖੜ੍ਹੇਗੀ | 
ਇਹ ਗੱਲ ਅੱਜ ਇਥੇ ਜਥੇਬੰਦੀ ਦੇ ਮੁਖ ਸੇਵਾਦਾਰ ਰਤਨ ਸਿੰਘ ਨੇ 'ਸਪੋਕਸਮੈਨ' ਨਾਲ ਸਾਂਝੀ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖੀ ਕਦਰਾਂ ਕੀਮਤਾਂ ਨੂੰ  ਪੈਰਾਂ ਹੇਠ ਲਤਾੜਦੇ ਹੋਏ ਸਿੱਖ ਰਾਜਨੀਤੀ ਦਾ ਆਪਣੇ ਨਿਜੀ ਸੁਆਰਥਾਂ ਲਈ ਅਜਿਹਾ ਘਾਣ ਕੀਤਾ ਹੈ ਜਿਸਦੀ ਪੂਰਤੀ ਹੋਣੀ ਬਹੁਤ ਮੁਸ਼ਕਿਲ ਹੈ | ਉਹਨਾਂ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਚੂਰ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ  ਆਪਣੀ ਜਾਗੀਰ ਸਮਝਕੇ ਉਸਦੀ ਅਜਿਹੀ ਦੁਰਵਰਤੋਂ ਕੀਤੀ ਜਿਸਦੀ ਬੀਤੇ ਵਿਚ ਕੋਈ ਮਿਸਾਲ ਨਹੀਂ ਮਿਲਦੀ | ਹੁਣ ਸਮਾਂ ਆ ਗਿਆ ਹੈ ਜਦੋਂ ਬਾਦਲਾਂ ਤੋਂ ਉਹਨਾਂ ਵਲੋਂ ਸਿੱਖ ਪੰਥ ਦੇ ਕੀਤੇ ਗਏ ਨੁਕਸਾਨ ਅਤੇ ਅਸੂਲਾਂ ਦੇ ਘਾਣ ਦਾ ਹਿਸਾਬ ਮੰਗਿਆ ਜਾਵੇਗਾ | 
ਜਥੇਦਾਰ ਨੇ ਕਿਹਾ ਕਿ ਉਹ 9 ਨਵੰਬਰ ਦੇ ਇਜਲਾਸ ਵਿਚ ਆਪਣੇ ਵਰਕਰਾਂ ਸਮੇਤ ਜ਼ਰੂਰ ਸ਼ਾਮਲ ਹੋਣਗੇ | ਉਹਨਾਂ ਨੇ ਬੀਬੀ ਜਾਗੀਰ ਕੌਰ ਨੂੰ  ਕਿਹਾ ਕਿ ਉਹ ਆਪਣੇ ਆਪ ਨੂੰ  ਇਕੱਲੀ ਨਾ ਸਮਝਣ ਇਸ ਮਕਸਦ ਦੀ ਪੂਰਤੀ ਲਈ ਕੁਝ ਸੁਆਰਥੀ ਲੋਕਾਂ ਨੂੰ  ਛੱਡਕੇ ਸਮੁਚਾ ਸਿੱਖ ਪੰਥ ਉਹਨਾਂ ਦੇ ਨਾਲ ਹੈ | ਜ: ਰਤਨ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਨੇ ਤਾਂ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਵੋਟ ਸ਼ਕਤੀ ਰਾਹੀਂ ਬਾਦਲ ਦਲ ਨੂੰ  ਸੱਤਾ ਤੋਂ ਲਾਂਭੇ ਕਰਨ ਬਾਰੇ ਆਪਣਾ ਫਰਜ਼ ਪੂਰਾ ਕਰ ਦਿੱਤਾ ਹੁਣ ਵਾਰੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਹੈ ਤੇ ਵੇਖਣਾ ਇਹ ਹੈ ਕਿ ਉਹਨਾ ਵਿਚੋਂ ਕਿੰਨੀਆਂ ਕੁ ਦੀ ਜ਼ਮੀਰ ਜਿਉਂਦੀ ਹੈ | 
ਅਖੀਰ ਵਿਚ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ : ਗਿ : ਹਰਪ੍ਰੀਤ ਸਿੰਘ ਨੂੰ  ਅਪੀਲ ਕੀਤੀ ਕਿ  2003 ਤੋਂ 2010 ਤਕ ਚੱਲਣ ਵਾਲੇ ਨਾਨਕ ਸ਼ਾਹੀ ਕੈਲੰਡਰ ਜਿਸਨੂੰ ਕਿਸੇ ਸਾਜ਼ਿਸ਼ ਤਹਿਤ ਹਟਾ ਦਿਤਾ ਗਿਆ ਸੀ ਨੂੰ  ਲਾਗੂ ਕਰਨ ਦੀ ਜੁਰਅਤ ਵਿਖਾਉਣ | ਇਸ ਮੌਕੇ ਲਹਿਰ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਗੰਢੂਆਂ,ਅਜੀਤ ਸਿੰਘ ਬੱਸੀ ਪਠਾਣਾ, ਨੰਦ ਸਿੰਘ ਅੱਤੇਵਾਲੀ ਅਤੇ ਤਿਰਲੋਕ ਸਿੰਘ ਵੀ ਮੌਜੂਦ ਸਨ |  

67ਛ - ਞUÉ1: 7 - É8+''+ 2