Punjab Vigilance Bureau: ਵਣ ਵਿਭਾਗ ਦਾ ਖੇਤਰੀ ਮੈਨੇਜਰ 30,000 ਰੁਪਏ ਰਿਸ਼ਵਤ ਲੈਂਦਾ ਕਾਬੂ
ਫਰਮ ਨੂੰ ਅਲਾਟ ਕੀਤੇ ਟੈਂਡਰ ਤਹਿਤ ਦਰੱਖਤਾਂ ਦੀ ਕਟਾਈ ਬਦਲੇ ਬਦਲੇ ਮੰਗਿਆ ਸੀ ਕਮਿਸ਼ਨ
Punjab Vigilance Bureau: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁਧ ਵਿੱਢੀ ਮੁਹਿੰਮ ਤਹਿਤ ਬੁਧਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਕਸਬਾ ਫਿਲੌਰ ਵਿਖੇ ਪੰਜਾਬ ਜੰਗਲਾਤ ਵਿਭਾਗ ਦੇ ਖੇਤਰੀ ਮੈਨੇਜਰ ਵਜੋਂ ਤਾਇਨਾਤ ਸੁਖਮਿੰਦਰ ਸਿੰਘ ਹੀਰਾ, ਪੀ.ਐਫ.ਐਸ., ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਉਕਤ ਅਧਿਕਾਰੀ ਨੂੰ ਜੰਗਲਾਤ ਠੇਕੇਦਾਰ ਬਲਕਾਰ ਸਿੰਘ ਵਾਸੀ ਪਿੰਡ ਕਾਲਸ ਕਲਾਂ, ਜ਼ਿਲ੍ਹਾ ਲੁਧਿਆਣਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦਸਿਆ ਕਿ ਸ਼ਿਕਾਇਤਕਰਤਾ ਨੇ ਪੰਜਾਬ ਵਿਜੀਲੈਂਸ ਬਿਊਰੋ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਲੁਧਿਆਣਾ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਜੰਗਲਾਤ ਅਧਿਕਾਰੀ ਨੇ ਉਸ ਦੀ ਫਰਮ ਨੂੰ ਅਲਾਟ ਕੀਤੇ ਟੈਂਡਰ ਤਹਿਤ ਦਰੱਖਤਾਂ ਦੀ ਕਟਾਈ ਬਦਲੇ ਉਸ ਤੋਂ 35,000 ਰੁਪਏ ਬਤੌਰ ਕਮਿਸ਼ਨ ਦੇਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਅੱਗੇ ਦਸਿਆ ਕਿ ਉਕਤ ਸੁਖਮਿੰਦਰ ਸਿੰਘ ਨੇ ਉਸ ਨੂੰ ਧਮਕਾਇਆ ਹੈ ਕਿ ਜੇਕਰ ਉਸ ਨੇ ਇਸ ਕਮਿਸ਼ਨ ਦੀ ਅਦਾਇਗੀ ਨਾ ਕੀਤੀ ਤਾਂ ਭਵਿੱਖ ਵਿਚ ਉਸ (ਸ਼ਿਕਾਇਤਕਰਤਾ) ਨੂੰ ਅਜਿਹਾ ਕੋਈ ਟੈਂਡਰ ਅਲਾਟ ਨਹੀਂ ਕਰਨ ਦੇਵੇਗਾ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਉਂਦਿਆਂ ਦਸਿਆ ਕਿ ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਪਰ ਮਜਬੂਰੀ ਵੱਸ ਉਸ ਨੂੰ ਪਹਿਲੀ ਕਿਸ਼ਤ ਵਜੋਂ 5000 ਰੁਪਏ ਉਕਤ ਵਣ ਅਧਿਕਾਰੀ ਨੂੰ ਦੇਣੇ ਪਏ ਅਤੇ ਹੁਣ ਉਹ ਬਕਾਇਆ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਉਨ੍ਹਾਂ ਅੱਗੇ ਦਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਈ.ਓ.ਡਬਲਯੂ. ਲੁਧਿਆਣਾ ਦੀ ਇਕ ਟੀਮ ਨੇ ਉਕਤ ਵਣ ਅਧਿਕਾਰੀ ਨੂੰ ਦੋ ਅਧਿਕਾਰੀਆਂ ਦੇ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮੁਲਜ਼ਮ ਖਿਲਾਫ਼ ਈ.ਓ.ਡਬਲਯੂ. ਵਿਜੀਲੈਂਸ ਬਿਉਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।