PRTC ਦੇ ਕੰਡਕਟਰਾਂ ਲਈ ਨਵੇਂ ਹੁਕਮ, ਹੁਣ ਡਰਾਈਵਰ ਨਾਲ ਅੱਗੇ ਦੀ ਸੀਟ 'ਤੇ ਨਹੀਂ ਬੈਠ ਸਕਣਗੇ ਕੰਡਕਟਰ
ਕੰਡਕਟਰਾਂ ਨੂੰ ਪਿੱਛੇ ਤਾਕੀ ਕੋਲ ਸੀਟ 'ਤੇ ਬੈਠਣਾ ਹੋਵੇਗਾ
PRTC conductors will no longer be able to sit in the front seat with the driver: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਵੱਲੋਂ ਇੱਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਹੁਣ ਪੀਆਰਟੀਸੀ ਦੇ ਕੰਡਕਟਰ ਡਰਾਈਵਰ ਨਾਲ ਅੱਗੇ ਦੀ ਸੀਟ ‘ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਪਿੱਛੇ ਤਾਕੀ ਕੋਲ ਸੀਟ ‘ਤੇ ਬੈਠਣਾ ਹੋਵੇਗਾ।
ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਦਫ਼ਤਰ ਨੂੰ ਕਈ ਵਾਰ ਸ਼ਿਕਾਇਤਾਂ ਮਿਲੀਆਂ ਸਨ ਕਿ ਪੀਆਰਟੀਸੀ ਦੇ ਕੰਡਕਟਰ ਬੱਸਾਂ ਵਿਚ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਦੀ ਧਾਰਾ ਤਹਿਤ ਨਿਰਧਾਰਤ ਕੀਤੀ ਗਈ ਸੀਟ 'ਤੇ ਨਹੀਂ ਬੈਠਦੇ। ਇਸ ਦੀ ਬਜਾਏ ਕੰਡਕਟਰ ਬੱਸ ਦੀ ਇਕ ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਣ 'ਤੇ ਬੈਠ ਜਾਂਦੇ ਹਨ। ਇਸ ਕਰਕੇ ਕੰਡਕਟਰਾਂ ਵਲੋਂ ਸਵਾਰੀਆਂ ਦੇ ਬੱਸਾਂ ਵਿਚ ਉਤਰਨ ਜਾਂ ਚੜ੍ਹਣ ਸਮੇਂ ਧਿਆਨ ਨਹੀਂ ਦਿੱਤਾ ਜਾਂਦਾ ਹੈ। ਇਸ ਕਰਕੇ ਹਾਦਸਾ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ ਹੈ।
ਇਸ ਸਬੰਧੀ ਮੁੱਖ ਦਫ਼ਤਰ ਵਲੋਂ ਪਹਿਲਾਂ ਵੀ ਹੁਕਮਾਂ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪ੍ਰੰਤੂ ਕੰਡਕਟਰਾਂ ਵਲੋਂ ਉਕਤ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਮੁੜ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਕੰਡਕਟਰਾਂ ਵਲੋਂ ਉਕਤ ਅਨੁਸਾਰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਡਿਊਟੀ ਦੌਰਾਨ ਜੇਕਰ ਕੋਈ ਕੰਡਕਟਰ ਬੱਸ ਦੀ 1 ਨੰਬਰ ਸੀਟ ਜਾਂ ਡਰਾਇਵਰ ਕੋਲ ਇੰਜਣ 'ਤੇ ਬੈਠਾ ਪਾਇਆ ਜਾਂਦਾ ਹੈ ਤਾਂ ਉਸ ਕੰਡਕਟਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।