Punjab News: ਖੰਨਾ 'ਚ ਛੱਠ ਪੂਜਾ ਲਈ ਆਏ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ

ਏਜੰਸੀ

ਖ਼ਬਰਾਂ, ਪੰਜਾਬ

Punjab News: ਦੋ ਦਿਨ ਪਹਿਲਾਂ ਖੰਨਾ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਛਠ ਪੂਜਾ ਲਈ ਆਇਆ ਸੀ।

Youth who came for Chhath Puja in Khanna died due to electrocution

 

Punjab News: ਖੰਨਾ ਦੇ ਆਨੰਦ ਨਗਰ 'ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 25 ਸਾਲਾ ਮੌਂਟੂ ਕੁਮਾਰ ਵਜੋਂ ਹੋਈ ਹੈ। ਮੌਂਟੂ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਹਰਿਆਣਾ ਵਿੱਚ ਕੰਮ ਕਰਦਾ ਸੀ। ਦੋ ਦਿਨ ਪਹਿਲਾਂ ਖੰਨਾ ਵਿਖੇ ਆਪਣੇ ਰਿਸ਼ਤੇਦਾਰਾਂ ਕੋਲ ਛਠ ਪੂਜਾ ਲਈ ਆਇਆ ਸੀ।

ਮੌਂਟੂ ਦੇ ਰਿਸ਼ਤੇਦਾਰ ਸ਼ੰਕਰ ਨੇ ਦੱਸਿਆ ਕਿ 2 ਦਿਨ ਪਹਿਲਾਂ ਉਸ ਦੀ ਲੜਕੀ ਦਾ ਜਨਮ ਦਿਨ ਸੀ। ਜਿਸ ਕਾਰਨ ਉਸ ਨੇ ਆਪਣੀ ਸਾਲੀ ਤੇ ਉਸ ਦੇ ਘਰਵਾਲੇ ਨੂੰ ਹਰਿਆਣਾ ਤੋਂ ਬੁਲਾਇਆ ਸੀ ਤਾਂ ਜੋ ਉਹ ਛਠ ਪੂਜਾ ਤੱਕ ਉਸ ਦੇ ਨਾਲ ਰਹਿਣ। ਅੱਜ ਸਵੇਰੇ ਜਦੋਂ ਮੌਂਟੂ ਪੂਜਾ ਲਈ ਲਿਆਂਦਾ ਗੰਨਾ ਲੈ ਕੇ ਕੁਆਰਟਰ ਦੀ ਛੱਤ ’ਤੇ ਜਾ ਰਿਹਾ ਸੀ ਤਾਂ ਉਪਰੋਂ ਲੰਘਦੀਆਂ 66 ਕੇਵੀ ਬਿਜਲੀ ਦੀਆਂ ਤਾਰਾਂ ਨੂੰ ਗੰਨੇ ਨੇ ਛੂਹ ਲਿਆ। ਬਿਜਲੀ ਦਾ ਝਟਕਾ ਲੱਗਣ ਕਾਰਨ ਮੌਂਟੂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸ਼ੰਕਰ ਨੇ ਦੱਸਿਆ ਕਿ ਮੌਂਟੂ ਦਾ ਵਿਆਹ 8 ਮਹੀਨੇ ਪਹਿਲਾਂ ਹੀ ਉਸ ਦੀ ਸਾਲ ਨਾਲ ਹੋਇਆ ਸੀ। ਇਸ ਹਾਦਸੇ ਨੇ ਪਰਿਵਾਰ ਤੋਂ ਪੁੱਤਰ ਖੋਹਣ ਦੇ ਨਾਲ-ਨਾਲ ਇੱਕ ਮੁਟਿਆਰ ਦਾ ਸੁਹਾਗ ਵੀ ਖੋਹ ਲਿਆ। ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਮੌਂਟੂ ਨੂੰ ਹਸਪਤਾਲ ਲਿਆ ਕੇ ਚੈੱਕ ਕੀਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ।