150 ਲੱਖ ਮੀਟਰਿਕ ਟਨ ਦੇ ਨੇੜੇ ਪੁੱਜੀ ਝੋਨੇ ਦੀ ਆਮਦ; 144 ਲੱਖ ਮੀਟਰਿਕ ਟਨ ਦਾ ਅੰਕੜਾ ਕੀਤਾ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਕਿਸਾਨਾਂ ਦੇ ਖਾਤਿਆਂ ਵਿੱਚ 32000 ਕਰੋੜ ਰੁਪਏ ਤੋਂ ਵੱਧ ਰਾਸ਼ੀ ਕੀਤੀ ਟਰਾਂਸਫਰ'

Paddy arrival nears 150 lakh metric tonnes; crosses 144 lakh metric tonnes mark

ਚੰਡੀਗੜ੍ਹ: ਇੱਕ ਅਹਿਮ ਪ੍ਰਾਪਤੀ ਤਹਿਤ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ 150 ਲੱਖ ਮੀਟਰਿਕ ਟਨ ਦੇ ਅੰਕੜੇ ਵੱਲ ਵਧ ਰਹੀ ਹੈ। ਹੁਣ ਤੱਕ 125 ਲੱਖ ਮੀਟਰਿਕ ਟਨ ਤੋਂ ਵੱਧ ਦੀ ਚੁਕਾਈ ਦੇ ਨਾਲ ਝੋਨੇ ਦੀ ਆਮਦ ਕੁੱਲ 144 ਲੱਖ ਮੀਟਰਿਕ ਟਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

ਫ਼ਸਲ ਦੀ ਤੇਜ਼ੀ ਨਾਲ ਖਰੀਦ ਅਤੇ ਚੁਕਾਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਦਾ ਪ੍ਰਮਾਣ ਦੱਸਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨ, ਕਮਿਸ਼ਨ ਏਜੰਟ (ਆੜ੍ਹਤੀਏ), ਮਜ਼ਦੂਰ ਸਮੇਤ ਕਿਸੇ ਵੀ ਭਾਈਵਾਲ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਖਰੀਦ ਦਾ ਸਬੰਧ ਹੈ, ਹੁਣ ਤੱਕ 140 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ।

ਫ਼ਸਲ ਦੀ ਅਦਾਇਗੀ ਦੇ ਮਾਮਲੇ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ 32000ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ। ਕੈਬਨਿਟ ਮੰਤਰੀ  ਨੇ ਕਿਸਾਨ ਭਾਈਚਾਰੇ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਸਖ਼ਤ ਮਿਹਨਤ ਨਾਲ ਪੈਦਾ ਕੀਤੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ।