ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਹੋਈ ਘਰ ਵਾਪਸੀ
ਸੱਤ ਅੱਠ ਮਹੀਨਿਆਂ ਤੋਂ ਪਰਵਾਰ ਨਾਲ ਨਹੀਂ ਹੋਇਆ ਸੀ ਸੰਪਰਕ
- ਬਹੁਤੇ ਨੌਜਵਾਨ ਤਾਂ ਅਪਣਾ ਨਾਂ-ਪਤਾ ਤਕ ਭੁੱਲ ਚੁੱਕੇ ਹਨ : ਦਲਜੀਤ
- ਜੇਲ ’ਚ ਸਾਲਾਂ ਤੋਂ ਫਸੇ ਪੰਜਾਬੀਆਂ ਦੀ ਪਿੱਛੇ ਪੈਰਵਾਈ ਕਰਨ ਵਾਲਾ ਕੋਈ ਨਹੀ
ਮੈਂਬਰ ਰਾਜ ਸਭਾ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਵਿਚ ਫਸਿਆ ਪੰਜਾਬ ਦਾ ਇਕ ਨੌਜਵਾਨ ਸਹੀ-ਸਲਾਮਤ ਵਾਪਸ ਆਪਣੇ ਪਰਵਾਰ ਵਿਚ ਪਰਤ ਆਇਆ ਹੈ। ਨਸੀਰਪੁਰ (ਜ਼ਿਲ੍ਹਾ ਜਲੰਧਰ) ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਦਸਿਆ ਕਿ ਮਲੇਸ਼ੀਆ ਦੀ ਜੇਲ ਵਿਚ ਕਈ ਪੰਜਾਬੀ ਮੁੰਡੇ ਸਾਲਾਂ ਤੋਂ ਕੈਦ ਹਨ, ਜਿਨ੍ਹਾਂ ਵਿਚੋਂ ਬਹੁਤੇ ਅਪਣੇ ਮਾਪਿਆਂ ਦੇ ਸੰਪਰਕ ਨੰਬਰ ਤਕ ਭੁੱਲ ਚੁੱਕੇ ਹਨ ਅਤੇ ਘਰ ਨਾਲ ਰਾਬਤਾ ਨਹੀਂ ਕਰ ਸਕਦੇ। ਦਲਜੀਤ ਸਿੰਘ ਨੇ ਦਸਿਆ ਕਿ ਉਹ 2018 ਵਿਚ ਟੂਰਿਸਟ ਵੀਜ਼ੇ ’ਤੇ ਮਲੇਸ਼ੀਆ ਗਿਆ ਸਦੀ।
ਕਈ ਸਾਲ ਉੱਥੇ ਮਿਹਨਤ ਕਰਨ ਦੇ ਬਾਵਜੂਦ ਨਾ ਤਾਂ ਉਸ ਨੂੰ ਤਨਖਾਹ ਮਿਲੀ, ਨਾ ਹੀ ਇਨਸਾਫ਼। ਮਾਲਕਾਂ ਵਲੋਂ ਧੋਖਾਧੜੀ ਦਾ ਸ਼ਿਕਾਰ ਹੋਣ ਉਪਰੋਂ, ਉਸ ਨੂੰ ਪੁਲਿਸ ਨੇ ਫੜ ਕੇ ਜੇਲ ਭੇਜ ਦਿਤਾ। ਜੇਲ ਵਿਚ ਬਤੀਤ ਕੀਤੇ ਸਮੇਂ ਨੂੰ ਕੌੜੀ ਯਾਦ ਵਜੋਂ ਯਾਦ ਕਰਦਿਆ ਉਸ ਨੇ ਦਸਿਆ ਕਿ ਜੇਲ ਦੇ ਹਾਲਾਤ ਬਹੁਤ ਹੀ ਭਿਆਨਕ ਸਨ। ਇੱਕ ਛੋਟੇ ਕਮਰੇ ਵਿਚ 70 ਤੋਂ 80 ਬੰਦੇ ਰੱਖੇ ਜਾਂਦੇ ਸਨ, ਜਿੱਥੇ ਸਾਹ ਲੈਣਾ ਵੀ ਔਖਾ ਹੁੰਦਾ ਸੀ।
ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਖਾਣਾ ਵੀ ਬਹੁਤ ਮਾੜਾ ਹੁੰਦਾ ਸੀ। ਜਿਸ ਕਾਰਨ ਵਾਪਸੀ ਤੋਂ ਮਗਰੋਂ ਅਜੇ ਤਕ ਵੀ ਉਸ ਨੂੰ ਖਾਣਾ ਖਾਣ ਤੋਂ ਬਾਅਦ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਲਜੀਤ ਨੇ ਜੇਲ ਦੇ ਭਿਆਨਕ ਮੰਜ਼ਰ ਨੂੰ ਯਾਦ ਕਰਦਿਆ ਕਿਹਾ ਕਿ ਉੱਥੇ ਖੁਲ੍ਹੀ ਹਵਾ ਵਿਚ ਵੀ ਸਾਹ ਲੈਣ ਲਈ ਤਰਸੇ ਪਏ ਸੀ। ਦਲਜੀਤ ਦੇ ਨਾਲ ਆਏ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਉਹ ਫੜਿਆ ਗਿਆ, ਤਦ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ 5 ਮਹੀਨਿਆਂ ਵਿਚ ਦਲਜੀਤ ਦੀ ਵਾਪਸੀ ਹੋ ਜਾਵੇਗੀ ਪਰ 7–8 ਮਹੀਨੇ ਬੀਤ ਗਏ, ਕੋਈ ਸੁਨੇਹਾ ਨਾ ਆਇਆ। ਆਖ਼ਰ, ਉਹਨਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਦਲਜੀਤ 31 ਅਕਤੂਬਰ ਨੂੰ ਸੁਰੱਖਿਅਤ ਤੌਰ ’ਤੇ ਭਾਰਤ ਵਾਪਸ ਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਦਲਜੀਤ ਦੀ ਪੈਰਵਾਈ ਨਾ ਹੁੰਦੀ ਤਾਂ ਉਸ ਦਾ ਹਾਲ ਵੀ ਉੱਥੇ ਫਸੇ ਬਾਕੀ ਨੌਜਵਾਨਾਂ ਵਰਗਾ ਹੋ ਜਾਣਾ ਸੀ।
ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਵਿਚ ਸਹਿਯੋਗ ਦੇਣ ਲਈ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਘਰ ਦਾ ਧਨਵਾਦ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦਾ ਫ਼ੈਸਲਾ ਅਪਣੇ ਜੀਵਨ ਨੂੰ ਖ਼ਤਰੇ ਵਿਚ ਪਾਉਣ ਦੇ ਬਰਾਬਰ ਹੈ।
ਸੁਲਤਾਨਪੁਰ ਲੋਧੀ ਤੋਂ ਗੁਰਦੇਵ ਸਿੰਘ/ਇੰਦਰਜੀਤ ਚਾਹਲ ਦੀ ਰਿਪੋਰਟ: