ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਏਜੰਸੀ

ਖ਼ਬਰਾਂ, ਪੰਜਾਬ

ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

image

ਕਿਸਾਨਾਂ ਨੇ ਧਰਮ ਨਿਰਪੱਖ ਤੇ ਲੋਕਤੰਤਰੀ ਪਹੁੰਚ ਨਾਲ ਇਕਜੁਟਤਾ ਦੀ ਸਿਆਣਪ ਵਿਖਾਈ
 

ਚੰਡੀਗੜ੍ਹ, 7 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਉਹ ਫ਼ਰਾਖ਼ਦਿਲੀ ਵਿਖਾਉਣ ਅਤੇ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫ਼ੈਸਲੇ ਵਜੋਂ ਦੇਸ਼ ਨੂੰ ਦਰਪੇਸ਼ ਗੰਭੀਰ ਸੰਕਟ ਦੇ ਹੱਲ ਵਲ ਪਹਿਲਾ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਿਲੇ ਜ਼ਖ਼ਮਾਂ ਦੇ ਦਾਗ਼ ਠੀਕ ਹੋਣ ਵਿਚ ਲੰਬਾ ਸਮਾਂ ਲੱਗੇਗਾ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਦੀ ਜਿਣਸ ਦੀ 100 ਫ਼ੀ ਸਦੀ ਖ਼ਰੀਦ ਸਵਾਮੀਨਾਥਨ ਫਾਰਮੂਲੇ ਸੀ 2+50 ਦੇ ਅਨੁਸਾਰ ਐਮ ਐਸ ਪੀ 'ਤੇ ਕੀਤੀ ਜਾਵੇ ਤੇ ਇਸ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆ ਜਾਵੇ। ਸ੍ਰੀ ਬਾਦਲ ਨੇ ਦੇਸ਼ ਨੂੰ ਦਰਪੇਸ਼ ਸਾਰੀਆਂ ਮੁਸ਼ਕਿਲਾਂ ਦੇ ਹਲ ਲਈ ਉਦਾਰਵਾਦੀ, ਧਰਮ ਨਿਰਪੱਖ ਤੇ ਲੋਕਤੰਤਰੀ ਪਹੁੰਚ ਅਪਣਾਏ ਜਾਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿਤਾ। ਉਨ੍ਹਾਂ ਨੇ ਭਾਰਤ ਨੂੰ ਸਹੀ ਅਰਥਾਂ ਵਿਚ ਇਕ ਸੰਘਵਾਦੀ ਮੁਲਕ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਮੌਜੂਦਾ ਸੰਕਟ ਦੀਆਂ ਜੜਾਂ ਅਸਲ ਵਿਚ ਸਾਡੀ ਸੰਘਵਾਦੀ ਪਹੁੰਚ ਪ੍ਰਤੀ ਵਚਨਬੱਧਤਾ ਤੋਂ ਥਿੜਕਣ  ਵਿਚ ਹੀ ਹਨ। ਸ੍ਰੀ ਬਾਦਲ ਨੇ ਕਿਹਾ ਕਿ ਕਿਸਾਨ ਸੰਕਟ ਹੀ ਇਕੱਲਾ ਅਜਿਹਾ ਮੌਕਾ ਨਹੀਂ ਹੈ ਜਦੋਂ ਦੇਸ਼ ਦੇ ਨਿਰਮਣ ਵਾਸਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਪਹੁੰਚ ਅਣਡਿਠ ਕੀਤੀ ਗਈ ਹੋਵੇ ਜਾਂ ਛੱਡ ਦਿਤੀ ਗਈ ਹੋਵੇ। ਦੇਸ਼ ਅਤੇ ਇਸ ਦੀ ਸਰਕਾਰ ਨੂੰ ਵਿਆਪਕ ਸਲਾਹ ਮਸ਼ਵਰੇ ਅਤੇ ਆਮ ਸਹਿਮਤੀ 'ਤੇ ਅਧਾਰਤ ਪਹੁੰਚ 'ਤੇ ਚੱਲਣ ਦੀ ਜ਼ਰੂਰਤ ਹੈ। ਪਿਛਲੇ ਸਮੇਂ ਦੌਰਾਨ ਵੰਡ ਪਾਊ ਤੇ ਅਸਰਿਥਤਾ ਪੈਦਾ ਕਰਨ ਵਾਲੇ ਪਲਾਂ ਵਿਚ ਸਾਡੀ ਅਸਫ਼ਲਤਾ ਦੇ ਧੱਕੇ ਠੀਕ ਹੋਣ ਨੂੰ ਲੰਬਾ ਸਮਾਂ ਲੱਗੇਗਾ।
 ਸ੍ਰੀ ਬਾਦਲ ਨੇ ਪ੍ਰਧਾਨ ਮੰਤਰੀ ਦਾ ਧਿਆਨ ਇਸ ਗਲ ਵੀ ਦੁਆਇਆ ਕਿ ਕਿਵੇਂ ਟਕਰਾਅ ਦੀ ਰਾਜਨੀਤੀ ਦੇ ਕਾਰਨ ਸਾਡਾ ਸਮਾਜਕ ਸਰੂਪ ਟੁੱਟ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਸਲਾਹ ਮਸ਼ਵਰਾ, ਸਹਿਮਤੀ ਅਤੇ ਆਮ ਸਹਿਮਤੀ ਹੀ ਕਿਸੇ ਲੋਕਤੰਤਰ ਦਾ ਆਧਾਰ ਹਨ। ਸਲਾਹ ਮਸ਼ਵਰੇ ਦੀ ਪ੍ਰਕਿਰਿਆ ਨਾਲ ਹੀ ਆਮ ਸਹਿਮਤੀ ਹੋ ਸਕਦੀ ਹੈ ਤੇ ਆਮ ਸਹਿਮਤੀ ਨਾਲ ਹੀ ਅਜਿਹੇ ਟਕਰਾਅ ਟਾਲੇ ਜਾ ਸਕਦੇ ਹਨ ਜੋ ਅਸੀਂ ਸਰਕਾਰ ਤੇ ਕਿਸਾਨਾਂ ਵਿਚਾਲੇ ਹੋਏ ਵੇਖੇ ਹਨ।
 ਪ੍ਰਧਾਨ ਮੰਤਰੀ ਨੁੰ ਲਿਖੇ ਆਪਣੇ ਚਾਰ ਸਫ਼ਿਆਂ ਦੇ ਪੱਤਰ, ਜਿਸ ਦੀ ਕਾਪੀ ਅੱਜ ਸ਼ਾਮ ਜਾਰੀ ਕੀਤੀ ਗਈ, ਵਿਚ ਸ੍ਰੀ ਬਾਦਲ ਨੇ ਕਿਹਾ ਕਿ ਜਿਹੜੇ ਤਿੰਨ ਐਕਟਾਂ ਦੀ ਗਲ ਹੋ ਰਹੀ ਹੈ, ਉਨ੍ਹਾਂ ਨੇ ਦੇਸ਼ ਨੂੰ ਡੂੰਘੇ ਸੰਕਟ ਵਿਚ ਧੱਕਿਆ ਹੈ ਅਤੇ ਇਹ ਬਿਲਾਂ ਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਕੜਾਕੇ ਦੀ ਠੰਢ ਵਿਚ ਹੋਰ ਤਕਲੀਫ਼ਾਂ ਝੱਲਣ ਤੋਂ ਬਗੈਰ ਹੀ ਵਾਪਸ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਮੁੱਦਾ ਸਿਰਫ ਕਿਸਾਨਾਂ ਦਾ ਨਹੀਂ ਹੈ ਬਲਕਿ ਇਸ ਦਾ ਸਾਡੇ ਦੇਸ਼ ਦੇ ਸਮੁੱਚੇ ਆਰਥਕ ਸਰੂਪ 'ਤੇ ਵੀ ਅਸਰ ਪਿਆ ਹੈ ਕਿਉਂਕਿ ਵਪਾਰੀ, ਬਿਜ਼ਨਸਮੈਨ, ਦੁਕਾਨਦਾਰ, ਆੜ੍ਹਤੀਏ ਤੇ ਮਜ਼ਦੂਰ ਵੀ ਇਸ ਨਾਲ ਸਿੱਧੇ ਤੌਰ 'ਤੇ ਪ੍ਰਭਾਵਤ ਹੋਏ ਹਨ।