ਕਿਸਾਨਾਂ ਦੇ ਹੱਕ ਵਿਚ ਆਜ਼ਾਦੀ ਘੁਲਾਟੀਏ ਦੇ ਪਰਵਾਰ ਰਾਸ਼ਟਰਪਤੀ ਵਲੋਂ ਮਿਲੇ ਤਾਮਰ ਪੱਤਰ ਕਰਨਗੇ ਵਾਪਸ
ਕਿਸਾਨਾਂ ਦੇ ਹੱਕ ਵਿਚ ਆਜ਼ਾਦੀ ਘੁਲਾਟੀਏ ਦੇ ਪਰਵਾਰ ਰਾਸ਼ਟਰਪਤੀ ਵਲੋਂ ਮਿਲੇ ਤਾਮਰ ਪੱਤਰ ਕਰਨਗੇ ਵਾਪਸ
ਫ਼ਤਿਹਗੜ੍ਹ ਸਾਹਿਬ, 7 ਦਸੰਬਰ (ਇੰਦਰਪ੍ਰੀਤ ਬਖਸ਼ੀ): ਆਲ ਇੰਡੀਆ ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਜਥੇਬੰਦੀ ਦੀ ਮੀਟਿੰਗ ਸਰਪ੍ਰਸਤ ਸੰਤ ਬਾਬਾ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੁਲਾਂਪੁਰ ਕਲਾਂ ਵਿਖੇ ਹੋਈ। ਮੀਟਿੰਗ ਵਿਚ ਫ਼ਰੀਡਮ ਫ਼ਾਈਟਰ ਉਤਰਾਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਦੀ ਜਥੇਬੰਦੀ ਪਹਿਲਾਂ ਤੋਂ ਹੀ ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਹਮਾਇਤ ਕਰ ਰਹੀ ਹੈ ਅਤੇ ਹੁਣ 8 ਦਸੰਬਰ ਦੇ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਤੋਂ ਕਿਸਾਨਾਂ ਦੇ ਹੱਕ ਵਿਚ ਆਵਾਜ ਉੱਠ ਰਹੀ ਹੈ, ਉੱਥੇ ਹੀ ਦੇਸ਼ ਦੀ ਆਜ਼ਾਦੀ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਵਾਰਸ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇ ਹੋ ਗਏ ਹਨ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਕੇ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਨਹੀਂ ਤਾਂ ਆਜ਼ਾਦੀ ਘੁਲਾਟੀਏ ਅਤੇ ਉਨ੍ਹਾਂ ਦੇ ਪਰਵਾਰ ਰਾਸ਼ਟਰਪਤੀ ਵਲੋਂ ਅਤੇ ਭਾਰਤ ਸਰਕਾਰ ਵਲੋਂ ਦਿਤੇ ਤਾਮਰ ਪੱਤਰ ਵਾਪਸ ਕਰ ਦਿਤੇ ਜਾਣਗੇ। ਪ੍ਰਧਾਨ ਸ਼ਿੰਗਾਰਾ ਸਿੰਘ ਹਰਗਣਾ ਅਤੇ ਗੁਰਮੀਤ ਸਿੰਘ ਮੁੱਲਾਂਪੁਰੀ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਨੇ ਦੇਸ਼ ਆਜ਼ਾਦ ਕਰਵਾ ਦਿਤਾ ਤਾਂ ਜੋ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜੀਆਂ ਸੁੱਖ ਆਰਾਮ ਦੀ ਜ਼ਿੰਦਗੀ ਜੀਅ ਸਕਣ ਪਰ ਅੱਜ ਕੇਂਦਰ ਸਰਕਾਰ ਵਲੋਂ ਦੇਸ਼ ਦੇ ਲੋਕਤੰਤਰ ਢਾਂਚੇ ਦਾ ਘਾਣ ਕੀਤਾ ਜਾ ਰਿਹਾ ਹੈ।
ਸਰਕਾਰ ਦੇਸ਼ ਦੇ ਲੋਕਾਂ ਨੂੰ ਵੇਚਣ ਲਈ ਕਾਰਪੋਰੇਟ ਘਰਾਣਿਆਂ ਦੇ ਨਾਲ ਹਿੱਸੇਦਾਰੀ ਪਾ ਰਹੀ ਹੈ ਜਿਸ ਕਰ ਕੇ ਦੇਸ਼ ਵਿਚ ਲੱਖਾਂ ਹੀ ਕਿਸਾਨ ਠਰਦੀ ਠੰਡ ਵਿਚ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਠਰ ਰਹੇ ਹਨ। ਮੀਟਿੰਗ ਵਿਚ ਪ੍ਰਧਾਨ ਸ਼ਿੰਗਾਰਾ ਸਿੰਘ ਹਰਗਣਾ, ਗੁਰਮੀਤ ਸਿੰਘ ਮੁੱਲਾਂਪੁਰੀ ਸੈਕਟਰੀ, ਗੁਰਿੰਦਰ ਸਿੰਘ, ਗੁਰਵਿੰਦਰ ਸਿੰਘ ਮੁੱਲਾਂਪੁਰ, ਤਲਵਿੰਦਰ ਸਿੰਘ, ਕੁਲਦੀਪ ਸਿੰਘ, ਜੋਗਾ ਸਿੰਘ ਭਗੜਾਣਾ, ਜਗਤਾਰ ਸਿੰਘ, ਹਰਜੀਤ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਬਖਸ਼ੀਸ਼ ਸਿੰਘ, ਕੁਲਵੰਤ ਸਿੰਘ ਰਾਠੌਰ, ਪਰਮਿੰਦਰ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ।.