ਦੁੱਧ, ਸਬਜ਼ੀਆਂ ਆਦਿ ਦੀ ਸਪਲਾਈ ਰਹੇਗੀ ਬੰਦ, ਇਕ ਦਿਨ ਔਖੇ-ਸੌਖੇ ਕੱਟ ਲੈਣ ਦੇਸ਼ ਵਾਸੀ : ਕਿਸਾਨ

ਏਜੰਸੀ

ਖ਼ਬਰਾਂ, ਪੰਜਾਬ

ਦੁੱਧ, ਸਬਜ਼ੀਆਂ ਆਦਿ ਦੀ ਸਪਲਾਈ ਰਹੇਗੀ ਬੰਦ, ਇਕ ਦਿਨ ਔਖੇ-ਸੌਖੇ ਕੱਟ ਲੈਣ ਦੇਸ਼ ਵਾਸੀ : ਕਿਸਾਨ

image

ਧਰਨੇ 'ਚ ਪਹੁੰਚੇ ਗੁਰਦਾਸ ਮਾਨ ਦਾ ਹੋਇਆ ਵਿਰੋਧ, ਕਾਂਗਰਸੀ ਸਾਂਸਦਾਂ ਦਾ ਜੰਤਰ-ਮੰਤਰ 'ਤੇ ਧਰਨਾ
 

ਚੰਡੀਗੜ੍ਹ, 7 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਕਿਸਾਨਾਂ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੂਰੇ ਭਾਰਤ 'ਚ ਬੰਦ ਦਾ ਅਸਰ ਦਿੱਸੇਗਾ। ਕਿਸਾਨਾਂ ਮੁਤਾਬਕ ਸਾਡੀ ਇਹ ਲੜਾਈ ਹੁਣ ਆਰ-ਪਾਰ ਦੀ ਲੜਾਈ ਹੈ।  ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਕਲ ਪੂਰੇ ਦਿਨ ਭਾਰਤ ਬੰਦ ਰਹੇਗਾ ਪਰ ਚੱਕਾ ਜਾਮ ਦੁਪਹਿਰ 3 ਵਜੇ ਤਕ ਰਹੇਗਾ। ਇਸ ਦੌਰਾਨ ਐਂਬੂਲੈਂਸ ਦਾ ਰਾਹ ਨਹੀਂ ਰੋਕਿਆ ਜਾਵੇਗਾ। ਇਹ ਇਕ ਸ਼ਾਂਤਮਈ ਪ੍ਰਦਰਸ਼ਨ ਹੋਵੇਗਾ। ਅਸੀਂ ਅਪਣੇ ਮੰਚ 'ਤੇ ਕਿਸੇ ਵੀ ਰਾਜਨੀਤਕ ਆਗੂ ਨੂੰ ਇਜਾਜ਼ਤ ਨਾ ਦੇਣ ਲਈ ਵਚਨਬੱਧ ਹਾਂ। ਕਿਸਾਨ ਆਗੂ ਨਿਰਭੈ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡਾ ਅੰਦੋਲਨ ਸਿਰਫ਼ ਪੰਜਾਬ ਅਤੇ ਹਿੰਦੋਸਤਾਨ ਤਕ ਹੀ ਸੀਮਤ ਨਹੀਂ ਹੈ। ਇਹ ਅੰਦੋਲਨ ਦੁਨੀਆਂ ਤਕ ਫੈਲ ਚੁੱਕਾ ਹੈ।  ਸਾਡਾ ਵਿਰੋਧ ਪ੍ਰਦਰਸ਼ਨ ਬਿਲਕੁਲ ਸ਼ਾਂਤੀਮਈ ਚੱਲੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾਂ ਚਿਰ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਸਾਡਾ ਅੰਦੋਲਨ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁਤਾਬਕ ਫਲ, ਸਬਜ਼ੀਆਂ ਸਮੇਤ ਮੁੱਖ ਸੇਵਾਵਾਂ ਦੀ ਸਪਲਾਈ ਬੰਦ ਰਹੇਗੀ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਦਿਨ ਔਖੇ-ਸੌਖੇ ਕੱਟ ਲੈਣ।
 ਅਪਣੇ ਹੱਕਾਂ ਲਈ ਦਿੱਲੀ ਗਏ ਕਿਸਾਨਾਂ ਨੂੰ ਨਾ ਠੰਢ ਦਾ ਡਰ ਹੈ ਤੇ ਨਾ ਹੀ ਉਹ ਪਿਛੇ ਦੀ ਫ਼ਿਕਰ ਕਰ ਰਹੇ ਹਨ। ਕੜਾਕੇ ਦੀ ਠੰਢ ਤੇ ਧੁੰਦ ਵਿਚ ਲਗਾਤਾਰ 12ਵੇਂ ਦਿਨ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਅੱਜ ਕਿਸਾਨਾਂ ਦੇ ਧਰਨੇ 'ਚ ਇਹੀ ਚਰਚਾ ਰਹੀ ਕਿ ਦੇਸ਼ ਬੰਦ ਨੂੰ ਕਿਵੇਂ ਸ਼ਾਂਤਮਈ ਰਖਿਆ ਜਾਵੇ। ਜਿਥੇ ਕਿਸਾਨ ਆਗੂ ਅਪਣੀ ਰਣਨੀਤੀ ਬਣਾਉਂਦੇ ਰਹੇ ਉਥੇ ਹੀ ਨੌਜਵਾਨ ਅਪਣੀਆਂ-ਅਪਣੀਆਂ ਡਿਊਟੀਆਂ ਪੂਰੀ ਸੁਹਿਰਦਤਾ ਨਾਲ ਨਿਭਾਉਂਦੇ ਨਜ਼ਰ ਆਏ। ਦਸ-ਦਸ ਕਿਲੋਮੀਟਰ ਤਕ ਲੱਗੇ ਲੰਗਰਾਂ ਅੰਦਰੋਂ ਬਾਬੇ ਨਾਨਕ ਦੀ ਬਾਣੀ ਦੀ ਧੁਨ ਸੁਣਾਈ ਦਿੰਦੀ ਹੈ।
 ਦੂਜੇ ਪਾਸੇ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ ਜਦੋਂ ਦਿੱਲੀ 'ਚ ਕਿਸਾਨਾਂ ਦੇ ਸਮਰਥਨ 'ਚ ਸਿੰਘੂ ਬਾਰਡਰ 'ਤੇ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਦਾ ਭਾਰੀ ਵਿਰੋਧ ਕਰਨਾ ਸ਼ੁਰੂ ਕਰ ਦਿਤਾ। ਭਾਵੇਂ ਗੁਰਦਾਸ ਮਾਨ ਨੇ ਲੋਕਾਂ ਸਾਹਮਣੇ ਹੱਥ ਵੀ ਜੋੜੇ ਤੇ ਕੰਨੀ ਹੱਥ ਵੀ ਲਾਏ ਪਰ ਕਿਸਾਨ ਲਗਾਤਾਰ ਵਿਰੋਧ ਕਰਦੇ ਰਹੇ। ਇਸ ਤਰ੍ਹਾਂ ਉਨ੍ਹਾਂ ਨੂੰ ਸਟੇਜ 'ਤੇ ਜਾਣ ਦੀ ਇਜਾਜ਼ਤ ਨਾ ਦਿਤੀ ਗਈ ਤੇ ਉਨ੍ਹਾਂ ਧਰਨੇ 'ਚੋਂ ਜਾਣਾ ਹੀ ਮੁਨਾਸਿਬ ਸਮਝਿਆ। ਗੁਰਦਾਸ ਮਾਨ ਨਾਲ ਦਿੱਲੀ ਧਰਨੇ 'ਚ ਉਨ੍ਹਾਂ ਦਾ ਪੁੱਤਰ ਗੁਰਿਕ ਮਾਨ ਵੀ ਪਹੁੰਚਿਆ ਸੀ।
   ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਸਣ ਦਰਜਨ ਭਰ ਸੂਬਿਆਂ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ 12ਵੇਂ ਦਿਨ ਵਿਚ ਦਾਖਲ ਕਰ ਗਿਆ ਹੈ। ਇਸ ਦੌਰਾਨ ਸੋਮਵਾਰ ਦੁਪਹਿਰ ਕਿਸਾਨਾਂ ਦੇ ਸਮਰਥਨ ਵਿਚ ਜੰਤਰ ਮੰਤਰੀ 'ਤੇ ਲੋਕ ਸਭਾ ਸੰਸਦ ਮੈਂਬਰ ਡਾ. ਜਾਵੇਦ, ਮਨੀਸ਼ ਤਿਵਾੜੀ, ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ ਅਤੇ ਰਵਨੀਤ ਬਿੱਟੂ ਧਰਨਾ ਦੇ ਰਹੇ ਹਨ।