ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਮੁੱਖ ਮੰਤਰੀ ਚਰਨਜੀਤ ਚੰਨੀ, ਦਿਤੇ ਖੁਲ੍ਹੇ ਗੱਫੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਕਰੋੜ ਦੀ ਲਾਗਤ ਵਾਲਾ Nature Park ਬਣਾਉਣ ਦਾ ਕੀਤਾ ਐਲਾਨ 

CM Charanjit Singh Channi

ਸ੍ਰੀ ਅਨੰਦਪੁਰ ਸਾਹਿਬ : ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਸ ਸਬੰਧ ਵਿਚ ਵਿਰਾਸਤ-ਏ-ਖ਼ਾਲਸਾ ਆਡੀਟੋਰੀਅਮ 'ਚ ਵਿਸ਼ੇਸ਼ ਸਮਾਗਮ ਰੱਖਿਆ ਗਿਆ।

ਮੁੱਖ ਮੰਤਰੀ ਚੰਨੀ ਨੇ ਅੱਜ ਦੇ ਦਿਨ ਦੀ ਵਿਸ਼ੇਸ਼ਤਾ ਦੱਸੀ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸਿਰਫ਼ ਇੱਕ ਧਰਮ ਦੀ ਰਾਖੀ ਨਹੀਂ ਕੀਤੀ ਸਗੋਂ ਉਹ ਇੱਕ ਮਿਸਾਲ ਬਣੇ ਅਤੇ ਇਹ ਸੰਦੇਸ਼ ਦਿਤਾ ਕੇ ਸਾਰਿਆਂ ਨੂੰ ਆਪਣਾ ਧਰਮ ਮੰਨਣ ਦਾ ਪੂਰਾ ਹੱਕ ਹੈ।  ਉਨ੍ਹਾਂ ਨੇ ਹਿੰਦੂ ਧਰਮ ਦੀ ਵੀ ਰਾਖੀ ਕੀਤੀ ਅਤੇ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦੀ ਪ੍ਰਾਪਤ ਕੀਤੀ।

ਗੁਰੂ ਸਾਹਿਬ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸਨ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਰੰਘਰੇਟਾ ਗੁਰੂ ਕਾ ਬੇਟਾ ਦਾ ਖ਼ਿਤਾਬ ਵੀ ਮਿਲਿਆ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀ ਬਹੁਤ ਵੱਡੀ ਦੇਣ ਹੈ ਅਤੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਕੋਟਿ ਕੋਟਿ ਪ੍ਰਣਾਮ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਵੱਡੇ ਐਲਾਨ ਕੀਤੇ -

-10 ਕਰੋੜ ਦੀ ਲਾਗਤ ਵਾਲਾ Nature Park ਬਣਾਉਣ ਦਾ ਕੀਤਾ ਐਲਾਨ 
-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਮ 'ਤੇ ਰੱਖਿਆ ਜਾਵੇਗਾ ਪਾਰਕ ਦਾ ਨਾਮ 
-4 ਕਰੋੜ 16 ਲੱਖ ਰੁਪਏ ਦੇ ਸੋਲਰ ਪਲਾਂਟ ਦਾ ਰੱਖਿਆ ਨੀਂਹ ਪੱਥਰ 
- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮਿਊਜ਼ੀਮ ਦਾ ਹੋਵੇਗਾ ਨਵੀਨੀਕਰਨ 
-ਭਾਈ ਜੈਤਾ ਜੀ ਮੈਮੋਰੀਅਲ ਲਈ ਦਿਤੇ 2 ਕਰੋੜ ਰੁਪਏ 
-ਕਮਿਊਨਿਟੀ ਸੈਂਟਰ ਲਈ ਦਿਤੇ ਜਾਣਗੇ 5 ਕਰੋੜ ਰੁਪਏ 
-ਬਣਾਇਆ ਜਾਵੇਗਾ ਫ਼ਾਇਰ ਬ੍ਰਿਗੇਡ ਦਾ ਦਫ਼ਤਰ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਦੀ ਵੀ ਸਿੱਖ ਧਰਮ ਵਿਚ ਵੱਡੀ ਦੇਣ ਹੈ ਅਤੇ ਇਸ ਦੇ ਮੱਦੇਨਜ਼ਰ ਹੀ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸਰਕਾਰੀ ਛੁੱਟੀ ਹੋਇਆ ਕਰੇਗੀ।  ਇਸ ਮੌਕੇ ਸਪੀਕਰ ਕੇ ਪੀ ਸਿੰਘ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵੀ ਮੌਜੂਦ ਸਨ।