ਮੋਦੀ ਦੀ ਸਦਨ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਭਾਜਪਾ ਸਾਂਸਦਾਂ ਨੂੰ ਨਸੀਹਤ
ਮੋਦੀ ਦੀ ਸਦਨ ਤੋਂ ਗ਼ੈਰ ਹਾਜ਼ਰ ਰਹਿਣ ਵਾਲੇ ਭਾਜਪਾ ਸਾਂਸਦਾਂ ਨੂੰ ਨਸੀਹਤ
'ਬਦਲ ਜਾਉ, ਨਹੀਂ ਤਾਂ ਬਦਲ ਦਿਤੇ ਜਾਉਗੇ'
ਨਵੀਂ ਦਿੱਲੀ, 7 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਜਪਾ ਦੇ ਸਾਂਸਦਾਂ ਨੂੰ ਕਿਹਾ ਕਿ ਸਦਨ 'ਚ ਉਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਮੌਜੂਦਗੀ ਦਰਜ ਕਰਾਉਣ ਚਾਹੀਦੀ ਹੈ, ਭਾਵੇਂ ਮਹੱਤਵਪੂਰਣ ਬਿੱਲ ਸੂਚੀਬੱਧ ਹੋਵੇ ਜਾਂ ਨਾ ਹੋਵੇ, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਅਪਣਾ ਪ੍ਰਤੀਨਿਧ ਬਣਾ ਕੇ ਸੰਸਦ ਵਿਚ ਭੇਜਿਆ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਭਾਜਪਾ ਸੰਸਦੀ ਦਲ ਦੀ ਬੈਠਕ 'ਚ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ | ਇਸ ਬੈਠਕ 'ਚ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ਜਨਜਾਤੀ ਮਾਣ ਦਿਵਸ ਵਜੋਂ ਮਨਾਏ ਜਾਣ ਦੇ ਐਲਾਨ ਲਈ ਕੇਂਦਰੀ ਮੰਤਰੀ ਅਰਜੁਨ ਮੁੰਡਾ ਸਮੇਤ ਹੋਰ ਆਦਿਵਾਸੀ ਸਾਂਸਦਾਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਵੀ ਕੀਤਾ |
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੰਸਦ 'ਚ ਭਾਜਪਾ ਮੈਂਬਰਾਂ ਦੀ ਗ਼ੈਰ ਮੌਜੂਦਗੀ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ''ਬੱਚਿਆਂ ਨੂੰ ਵਾਰ-ਵਾਰ ਟੋਕਿਆ ਜਾਵੇ ਤਾਂ ਉਨ੍ਹਾਂ ਨੂੰ ਵੀ ਚੰਗਾ ਨਹੀਂ ਲਗਦਾ... ਖ਼ੁਦ 'ਚ ਪਰਿਵਰਤਨ ਲਿਆਉ, ਨਹੀਂ ਤਾਂ ਪਰਿਵਰਤਨ ਉਦਾਂ ਵੀ ਹੋ ਜਾਂਦਾ ਹੈ |'' ਉਨ੍ਹਾਂ ਮੁਤਾਬਕ ਸਾਂਸਦਾਂ ਨੂੰ ਸੰਸਦ ਸੈਸ਼ਨ ਦੌਰਾਨ ਸਦਨ 'ਚ ਲਾਜ਼ਮੀ ਤੌਰ 'ਤੇ ਮੌਜੂਦ ਰਹਿਣ ਦਾ ਨਿਰਦੇਸ਼ ਦਿਤਾ ਹੈ |
ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਇਹ ਭਾਜਪਾ ਸੰਸਦੀ ਦਲ ਦੀ ਪਹਿਲੀ ਬੈਠਕ ਸੀ | ਆਮ ਤੌਰ 'ਤੇ ਭਾਜਪਾ ਸੰਸਦੀ ਦਲ ਦੀ ਬੈਠਕ ਸੰਸਦ ਕੰਪਲੈਕਸ ਸਥਿਤ ਲਾਈਬ੍ਰੇਰੀ ਬਿਲਡਿੰਗ ਵਿਚ ਹੁੰਦੀ ਹੈ ਪਰ ਉਥੇ ਜਾਰੀ ਮੁਰੰਮਤ ਦੇ ਕੰਮ ਦੇ ਚਲਦੇ ਪਹਿਲੇ ਹਫ਼ਤੇ ਸੰਸਦੀ ਦਲ ਦੀ ਬੈਠਕ ਨਹੀਂ ਹੋ ਸਕੀ ਸੀ |
ਅੱਜ ਦੀ ਬੈਠਕ ਅੰਬੇਡਕਰ ਅੰਦਰਰਾਸ਼ਟਰੀ ਕੇਂਦਰ ਵਿਚ ਹੋਈ, ਜਿਸ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ ਨੱਡਾ ਸਮੇਤ ਹੋਰ ਨੇਤਾ ਮੌਜੂਦ ਸਨ |
ਬੈਠਕ ਦੇ ਬਾਅਦ ਪ੍ਰੈੱਸ ਨੂੰ ਸੰਸਦੀ ਕਾਰਜ ਮੰਤਰੀ ਪ੍ਰਲਾਦ ਚੋਸ਼ੀ ਨੇ ਦਸਿਆ ਕਿ ਰਾਜ ਸਭਾ ਦੇ 12 ਮੁਅੱਤਲ ਮੈਂਬਰ ਜੇਕਰ ਅੱਜ ਮਾਫ਼ੀ ਮੰਗ ਲੈਂਦੇ ਹਨ ਤਾ ਉਨ੍ਹਾਂ ਦੀ ਮੁਅੱਤਲੀ ਵਪਾਸ ਲੈ ਲਈ ਜਾਵੇਗੀ | (ਏਜੰਸੀ)