ਨਾਭਾ ਭਵਾਨੀਗੜ੍ਹ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ
ਵਿਆਹ ਤੋਂ ਪਰਤ ਰਿਹਾ ਸੀ ਪਰਿਵਾਰ
ਨਾਭਾ: ਪੰਜਾਬ ਵਿੱਚ ਦਿਨੋਂ-ਦਿਨ ਸੜਕੀ ਹਾਦਸਿਆਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ। ਥੋੜ੍ਹੀ ਜਿਹੀ ਲਾਪ੍ਰਵਾਹੀ ਦੇ ਕਾਰਨ ਅਨੇਕਾਂ ਹੀ ਪਰਿਵਾਰ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਭਵਾਨੀਗੜ੍ਹ ਰੋਡ ਤੇ ਜਿਥੇ ਬੀਤੀ ਰਾਤ ਕਰੀਬ ਸਾਢੇ ਗਿਆਰਾਂ ਵਜੇ ਵਿਆਹ ਸਮਾਗਮ ਤੋਂ ਖ਼ੁਸ਼ੀ-ਖ਼ੁਸ਼ੀ ਘਰ ਪਰਤ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰ ਗਿਆ।
ਮਰਨ ਵਾਲਿਆਂ ਵਿੱਚ ਪਿਓ-ਪੁੱਤ ਦੀ ਜੋੜੀ ਅਤੇ ਇੱਕ ਔਰਤ ਸ਼ਾਮਲ ਹੈ। ਜਾਣਕਾਰੀ ਅਨੁਸਾਰ ਇੱਕ ਮ੍ਰਿਤਕ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਅਤੇ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਵਿਆਹ ਸਮਾਗਮ ਤੋਂ ਵਾਪਸ ਘਰ ਜਾ ਰਹੇ ਸਨ।
ਉਹਨਾਂ ਦੀ ਇਨੋਵਾ ਕਾਰ ਨੂੰ ਕਿਸੇ ਅਣਪਛਾਤੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਇਨੋਵਾ ਵਿੱਚ ਕੁੱਲ 11 ਲੋਕ ਸਵਾਰ ਸਨ। ਇਨ੍ਹਾਂ 'ਚੋਂ ਪਿਉ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਗੁਰਲਾਲ ਸਿੰਘ (Gurlal Singh) ਦੀ ਉਮਰ ਮਹਿਜ਼ 7 ਸਾਲ ਸੀ।
ਬਾਕੀ 9 ਲੋਕਾਂ ਨੂੰ ਗੰਭੀਰ ਹਾਲਤ 'ਚ ਪਟਿਆਲਾ ਦੇ ਰਜਿੰਦਰ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ, ਜਿੱਥੇ ਇਕ ਔਰਤ ਨੇ ਵੀ ਦਮ ਤੋੜ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ। ਪੁਲਿਸ ਦਾ ਕਹਿਣਾ ਹੈ ਕਿ ਅਣਪਛਾਤੇ ਟਰੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।