ਡੇਰਾਬੱਸੀ ਦੇ ਪਿੰਡ ਕਕਰਾਲੀ ’ਚ ਸ਼ੱਕੀ ਹਾਲਾਤ ’ਚ ਲਾਪਤਾ 4 ਬੱਚੇ, CCTV 'ਚ ਕੈਦ ਤਸਵੀਰਾਂ

ਏਜੰਸੀ

ਖ਼ਬਰਾਂ, ਪੰਜਾਬ

ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਕਈ ਟੀਮਾਂ ਬਣਾ ਕੇ ਲਾਪਤਾ ਬੱਚਿਆਂ ਦੀ ਭਾਲ ਜ਼ੋਰਾਂ ਨਾਲ ਕੀਤੀ ਜਾ ਰਹੀ

4 children missing under suspicious circumstances in Kakrali village of Derabassi, pictures captured on CCTV

 

ਡੇਰਾਬੱਸੀ- ਪਿੰਡ ਕਕਰਾਲੀ ਵਿਖੇ ਮੰਗਲਵਾਰ ਦੁਪਹਿਰ ਨੂੰ 4 ਨਾਬਾਲਿਗ ਬੱਚਿਆਂ ਦੇ ਭੇਤਭਰੇ ਹਾਲਾਤ 'ਚ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੀ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ। ਇਨ੍ਹਾਂ ਵਿਚੋਂ 3 ਸਰਕਾਰੀ ਸਕੂਲ ਦੇ 5ਵੀਂ ਜਮਾਤ ਦੇ ਵਿਦਿਆਰਥੀ ਹਨ, ਜਦੋਂ ਕਿ ਇਕ ਗੈਰ-ਵਿਦਿਆਰਥੀ ਹੈ। ਚਾਰਾਂ ਨੂੰ ਆਖ਼ਰੀ ਵਾਰ ਮੰਗਲਵਾਰ ਸਾਮ 4.30 ਵਜੇ ਪਿੰਡਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ 'ਚ ਦੇਖਿਆ ਗਿਆ ਸੀ, ਜਦੋਂ ਕਿ ਕੁੱਝ ਸਮੇਂ ਬਾਅਦ ਮੁਬਾਰਕਪੁਰ ਦੇ ਚਰਚ ਦੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਉਹ ਢਕੌਲੀ ਵੱਲ ਜਾਂਦੇ ਵੇਖੇ ਗਏ ਸਨ। ਮੁਬਾਰਕਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗਲਤ ਇਰਾਦੇ ਨਾਲ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪਿੰਡ ਦੇ ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਦਾ ਇਕਲੌਤਾ ਪੋਤਾ 11 ਸਾਲਾ ਸਤਵੀਰ ਪੁੱਤਰ ਗੁਰਦੀਪ ਸਿੰਘ ਮੰਗਲਵਾਰ ਸਕੂਲ ਗਿਆ ਸੀ ਪਰ ਵਾਪਸ ਨਹੀਂ ਆਇਆ। ਦੁਪਹਿਰ ਬਾਅਦ ਜਦੋਂ ਉਸ ਨੂੰ ਲੱਭਣਾ ਸ਼ੁਰੂ ਕੀਤਾ ਗਿਆ ਤਾਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ 'ਚ ਇਕੋ ਜਮਾਤ 'ਚ ਪੜ੍ਹਨ ਵਾਲੇ 9 ਸਾਲਾ ਦੇਵੇਸ਼ ਪੁੱਤਰ ਅਜੇਪਾਲ ਅਤੇ 9 ਸਾਲਾ ਦਿਲਖੁਸ਼ ਪੁੱਤਰ ਅਸ਼ੋਕ ਕੁਮਾਰ ਸਤਵੀਰ ਨਾਲ ਦਿਖਾਈ ਦਿੱਤੇ। ਉਨ੍ਹਾਂ ਦੇ ਨਾਲ 14 ਸਾਲਾ ਗੈਰ-ਵਿਦਿਆਰਥੀ ਵਿਸ਼ਾਲ ਪੁੱਤਰ ਰਾਮਸਰੂਪ ਵੀ ਹੈ। ਸਤਵੀਰ ਨੂੰ ਛੱਡ ਕੇ ਬਾਕੀ ਤਿੰਨੇ ਬੱਚੇ ਪਰਵਾਸੀ ਦਿਹਾੜੀਦਾਰ ਪਰਿਵਾਰਾਂ ਦੇ ਹਨ।

ਇਸ ਤੋਂ ਪਹਿਲਾਂ ਸੱਤ ਮੁੰਡੇ ਸੀ. ਸੀ. ਟੀ. ਵੀ. 'ਚ ਇਕੱਠੇ ਦੇਖੇ ਗਏ ਸਨ। ਪਿੱਛੇ ਰਹਿ ਗਏ ਤਿੰਨਾਂ ਮੁੰਡਿਆਂ ਨੇ ਦੱਸਿਆ ਕਿ ਵਿਸ਼ਾਲ ਉਨ੍ਹਾਂ ਨੂੰ ਸੈਰ ਕਰਨ ਲਈ ਕਹਿ ਰਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਇਸ ’ਤੇ ਚਾਰੇ ਅੱਗੇ ਚਲੇ ਗਏ। 2 ਦਿਨਾਂ ਤੋਂ ਪਿੰਡ ਵਾਸੀ ਆਪਣੇ ਪੱਧਰ ’ਤੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਚਰਚ ’ਤੇ ਲੱਗੇ ਕੈਮਰੇ ਦੀ ਫੁਟੇਜ ਤੋਂ ਇਲਾਵਾ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਕਈ ਟੀਮਾਂ ਬਣਾ ਕੇ ਲਾਪਤਾ ਬੱਚਿਆਂ ਦੀ ਭਾਲ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ।