ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਜਥੇਦਾਰ ਨੇ ਸੁਣਾਏ ਵੱਡੇ ਫ਼ੈਸਲੇ
ਵਿਰਸਾ ਸਿੰਘ ਵਲਟੋਹਾ, ਗਿਆਨੀ ਗੁਰਬਚਨ ਸਿੰਘ ਅਤੇ GNDU ਦੇ ਵੀ.ਸੀ. ਨੂੰ ਲਗਾਈ ਗਈ ਤਨਖਾਹ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਦੀ ਅਗਵਾਈ ਵਿੱਚ ਅੱਜ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਇਸ ਦੌਰਾਨ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ’ਤੇ ਅਕਾਲੀ ਦਲ ਵਿਚੋਂ 10 ਸਾਲ ਲਈ ਬਾਹਰ ਕਰਨ ਦੇ ਦਿੱਤੇ ਹੁਕਮਾਂ ਨੂੰ ਖ਼ਤਮ ਕਰਦਿਆਂ ਪਾਬੰਦੀ ਹਟਾ ਦਿੱਤੀ ਗਈ। ਇਸ ਤੋਂ ਇਲਾਵਾ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 2015 ਵਿਚ ਦਿੱਤੀ ਗਈ ਮੁਆਫੀ ਲਈ ਸੇਵਾਵਾਂ ’ਤੇ ਲੱਗੀ ਪਾਬੰਦੀ ਵੀ ਖ਼ਤਮ ਕਰ ਦਿੱਤੀ ਗਈ। ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵੀ.ਸੀ. ਡਾ. ਕਰਮਜੀਤ ਸਿੰਘ ਨੂੰ ਵੀ ਮੁਆਫੀ ਦੇ ਦਿੱਤੀ ਗਈ। ਮੀਟਿੰਗ ਵਿਚ ਵਿਰਸਾ ਸਿੰਘ ਵਲਟੋਹਾ ਦਾ ਮਾਮਲਾ ਵਿਚਾਰਿਆ ਗਿਆ। ਸਤਿਕਾਰਯੋਗ ਸਿੰਘ ਸਾਹਿਬਾਨ ਦੇ ਵਿਰੁੱਧ ਪਿਛਲੇ ਸਮੇਂ ਵਿੱਚ ਜੋ ਬੇਬੁਨਿਆਦ ਗੱਲਾਂ ਕੀਤੀਆਂ ਸਨ, ਜਿਸ ਕਰਕੇ ਅੱਜ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਭੁੱਲ ਸਵੀਕਾਰ ਕਰਕੇ ਮੁਆਫੀ ਮੰਗੀ।
ਵਲਟੋਹਾ ਨੂੰ ਕਿਹਾ ਗਿਆ ਕਿ ਤੁਹਾਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹ ਲਗਾਈ ਜਾਂਦੀ ਹੈ। ਤਿੰਨ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਇਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਣੇ, ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ। ਇੱਕ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤਲਵੰਡੀ ਸਾਬੋ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ। ਸ਼੍ਰੀ ਅਨੰਦਪੁਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਨਗੇ। 11 ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਚੋਪਈ ਸਾਹਿਬ ਪਾਤਸ਼ਾਹੀ ਦਸਵੀਂ, ਰਾਮਕਲੀ ਕੀ ਵਾਰ ਦਾ ਪਾਠ ਕਰਨਗੇ। ਤਨਖਾਹ ਪੂਰੀ ਹੋਣ ’ਤੇ 1100 ਰੁਪਏ ਕੜਾਹ ਪ੍ਰਸ਼ਾਦ ਦੀ ਦੇਗ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣਗੇ ਅਤੇ 1100 ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਜਾਚਨਾ ਦੀ ਅਰਦਾਸ ਕਰਾਉਣਗੇ।
ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦਾ ਮਾਮਲਾ ਵਿਚਾਰਿਆ ਗਿਆ। ਇਹਨਾਂ ਨੇ ਦੱਖਣ ਭਾਰਤ ਵਿੱਚ ਹੋਏ ਇੱਕ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਕੇਅਰ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਂਦ ਦੇ ਵਿਰੁੱਧ ਪ੍ਰਗਟਾਵਾ ਕੀਤਾ, ਜਿਸ ਕਰਕੇ ਅੱਜ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਆਪਣੀ ਭੁੱਲ ਸਤਿਕਾਰ ਕਰਕੇ ਮੁਆਫੀ ਮੰਗੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ। ਇਹ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਇਕ ਘੰਟਾ ਸੰਗਤ ਦੇ ਜੂਠੇ ਭਾਂਡੇ ਮਾਂਝਣਗੇ ਤੇ ਇੱਕ ਘੰਟਾ ਜੋੜਿਆਂ ਦੀ ਸੇਵਾ ਝਾੜਨਗੇ। ਜੋੜਿਆਂ ਦੀ ਸੇਵਾ ਕਰਨ ਦੀ ਪੰਜ ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਆਸਾ ਕੀ ਵਾਰ, ਤਵ ਪ੍ਰਸਾਦ ਸਵਈਏ, ਇਕ ਇਕ ਪਾਠ ਨਿਤਨੇਮ ਤੋਂ ਇਲਾਵਾ ਕਰਨਗੇ। ਭਾਈ ਕਾਨ ਸਿੰਘ ਨਾਭਾ ਰਚਿਤ ਕਿਤਾਬ ਹਮ ਹਿੰਦੂ ਨਹੀ ਪੜਨਗੇ ਅਤੇ ਇਸ ਦੀਆਂ 500 ਕਾਪੀਆਂ ਸੰਗਤ ਵਿੱਚ ਵੰਡਣਗੇ। ਤਨਖਾਹ ਪੂਰੀ ਹੋਣ ਤੇ 1100 ਰੁਪਏ ਕੜਾਹ ਪ੍ਰਸ਼ਾਦ ਦੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣਗੇ ਅਤੇ 1100 ਰੁਪਏ ਗੁਰੂ ਕੀ ਗੋਲਕ ਵਿੱਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਉਣਗੇ।