Ludhiana ’ਚ ਵਾਪਰਿਆ ਭਿਆਨਕ ਸੜਕ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਵਿਅਕਤੀਆਂ ਦੀ ਹੋਈ ਮੌਤ

Terrible road accident in Ludhiana

ਲੁਧਿਆਣਾ : ਬੀਤੀ ਦੇਰ ਰਾਤ ਲੁਧਿਆਣਾ ਦੇ ਲਾਡੋਵਾਲ ਨੇੜੇ ਇਕ ਤੇਜ਼ ਰਫ਼ਤਾਰ ਕਾਰ ਸੰਤੁਲਨ ਵਿਗੜਨ ਕਾਰਨ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਦੋ ਨਾਬਾਲਗ ਕੁੜੀਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਜਗਰਾਉਂ ਇਲਾਕੇ ਦੇ ਸਨ। ਸੂਚਨਾ ਮਿਲਣ 'ਤੇ ਲਾਡੋਵਾਲ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਕਾਰ ਵਿਚ ਤਿੰਨ ਮੁੰਡੇ ਅਤੇ ਦੋ ਨਾਬਾਲਗ ਕੁੜੀਆਂ ਸਵਾਰ ਸਨ। ਉਹ ਜਗਰਾਉਂ ਤੋਂ ਅੰਮ੍ਰਿਤਸਰ ਜਾ ਰਹੇ ਸਨ। ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਸਾਰੇ ਸਵਾਰ ਮਾਰੇ ਗਏ।ਹਾਦਸੇ ਤੋਂ ਬਾਅਦ ਨੇੜਲੇ ਨਿਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲਿਸ ਮ੍ਰਿਤਕਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।