ਧਾਰਮਕ ਭਾਵਨਾਵਾਂ ਦੇ ਮੱਦੇਨਜ਼ਰ ਹੀ ਲਗਾਈ ਫ਼ੋਟੋਗ੍ਰਾਫ਼ੀ 'ਤੇ ਰੋਕ : ਡਾ. ਰੂਪ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਫ਼ੋਟੋਗ੍ਰਾਫੀ ਅਤੇ ਵੀਡੀਉਗ੍ਰਾਫ਼ੀ 'ਤੇ ਪਾਬੰਦੀ ਸੰਗਤ ਦੀਆਂ ਧਾਰਮਕ ਭਾਵਨਾਵਾਂ ਦੇ ਮੱਦੇਨਜ਼ਰ ਹੀ ਲਗਾਈ ਗਈ ਹੈ..........

Sri Harmandir Sahib

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਫ਼ੋਟੋਗ੍ਰਾਫੀ ਅਤੇ ਵੀਡੀਉਗ੍ਰਾਫ਼ੀ 'ਤੇ ਪਾਬੰਦੀ ਸੰਗਤ ਦੀਆਂ ਧਾਰਮਕ ਭਾਵਨਾਵਾਂ ਦੇ ਮੱਦੇਨਜ਼ਰ ਹੀ ਲਗਾਈ ਗਈ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ। ਡਾ. ਰੂਪ ਸਿੰਘ ਨੇ ਸਪੱਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਸਮੁੱਚੇ ਵਿਸ਼ਵ ਦੀ ਸੰਗਤ ਲਈ ਅਧਿਆਤਮਕ ਸੋਮਾ ਹੋਣ ਦੇ ਨਾਲ-ਨਾਲ ਸਿੱਖਾਂ ਲਈ ਧਾਰਮਕ ਕੇਂਦਰੀ ਅਸਥਾਨ ਹੈ ਅਤੇ ਇਥੇ ਸ਼ਰਧਾ ਨਾਲ ਪੁੱਜਣ ਵਾਲੇ ਸ਼ਰਧਾਲੂਆਂ ਵਲੋਂ ਫ਼ੋਟੋਗ੍ਰਾਫ਼ੀ ਬੰਦ ਕਰਨ ਸਬੰਧੀ ਵਾਰ-ਵਾਰ ਪਹੁੰਚ ਕੀਤੀ ਜਾ ਰਹੀ ਸੀ।

ਇਸ ਅਸਥਾਨ ਦੀ ਪਵਿੱਤਰਤਾ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨੂੰ ਦੇਖਿਆ ਜਾਣਾ ਚਾਹੀਦਾ ਹੈ। ਇਹ ਸੈਰ-ਸਪਾਟੇ ਦੀ ਥਾਂ ਨਹੀਂ ਹੈ ਅਤੇ ਇਥੇ ਅਧਿਆਤਮਕ ਤ੍ਰਿਪਤੀ ਪ੍ਰਾਪਤ ਕਰਨ ਪੁੱਜਦੀਆਂ ਸੰਗਤਾਂ ਦੇ ਨਾਲ-ਨਾਲ ਅਪਣੇ ਦੁੱਖਾਂ ਦੀ ਨਵਿਰਤੀ ਲਈ ਅਰਦਾਸ ਕਰਨ ਵੀ ਸੰਗਤ ਪੁੱਜਦੀ ਹੈ। ਇਸੇ ਲਈ ਫ਼ੋਟੋਗ੍ਰਾਫ਼ੀ ਤੇ ਵੀਡੀਉਗ੍ਰਾਫ਼ੀ 'ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਸ਼ਰਧਾ ਤੇ ਸਤਿਕਾਰ ਸਹਿਤ ਯਾਦਗਾਰੀ ਫ਼ੋਟੋ ਖਿਚਵਾਉਣੀ ਚਾਹੁੰਦਾ ਹੈ ਤਾਂ ਇਸ ਸਬੰਧ ਵਿਚ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਉਸ ਦੀ ਮਦਦ ਕਰਨਗੇ। 

ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਮੀਡੀਆ ਕਰਮੀਆਂ ਵਲੋਂ ਕਿਸੇ ਵਿਸ਼ੇਸ਼ ਸ਼ਖ਼ਸੀਅਤ ਦੀ ਪ੍ਰੈੱਸ ਕਰਵੇਜ਼ ਲਈ ਖਿੱਚੀ ਜਾਣ ਵਾਲੀ ਤਸਵੀਰ ਬਾਰੇ ਕਿਹਾ ਕਿ ਇਸ ਲਈ ਪ੍ਰਕਰਮਾ ਵਿਚ ਵਿਸ਼ੇਸ਼ ਸਥਾਨ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਦੇਖਦੇ ਹੋਏ ਪ੍ਰਕਰਮਾ ਅੰਦਰ ਮਨਮਰਜ਼ੀ ਨਾਲ ਤਸਵੀਰਾਂ ਨਾ ਖਿੱਚੀਆਂ ਜਾਣ।