ਹਾਈ ਕੋਰਟ ਵਲੋਂ ਸਾਬਕਾ ਆਈ.ਜੀ. ਢਿੱਲੋਂ ਨੂੰ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਈ ਕੋਰਟ ਨੇ ਸਾਬਕਾ ਆਈਜੀ (ਫ਼ਿਰੋਜ਼ਪੁਰ ਰੇਂਜ) ਗੁਰਿੰਦਰ ਸਿੰਘ ਢਿੱਲੋਂ ਨੂੰ ਰਾਹਤ ਪ੍ਰਦਾਨ ਕੀਤੀ ਹੈ.......

Punjab and Haryana High Court

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਹਾਈ ਕੋਰਟ ਨੇ ਸਾਬਕਾ ਆਈਜੀ (ਫ਼ਿਰੋਜ਼ਪੁਰ ਰੇਂਜ) ਗੁਰਿੰਦਰ ਸਿੰਘ ਢਿੱਲੋਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਵਿਰੁਧ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਵਿਚ ਗ੍ਰਿਫ਼ਤਾਰੀ ਦੀ ਸੂਰਤ 'ਚ ਪਹਿਲਾਂ 7 ਦਿਨਾ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਸਟਿਸ ਦਿਆ ਚੌਧਰੀ ਵਾਲੇ ਬੈਂਚ ਨੇ ਇਨ੍ਹਾਂ ਆਦੇਸ਼ਾਂ ਨਾਲ ਹੀ ਸਪੱਸ਼ਟ ਕਰ ਦਿਤਾ ਹੈ ਕਿ ਇਸ ਕੇਸ ਦੀ ਜਾਂਚ ਸੀਬੀਆਈ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁਧ ਕੋਈ ਕਾਰਵਾਈ ਕਰਨ ਦੀ ਸੂਰਤ 'ਚ ਪਹਿਲਾਂ ਪੰਜਾਬ ਸਰਕਾਰ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ।

ਢਿੱਲੋਂ ਵਲੋਂ ਸੀਨੀਅਰ ਐਡਵੋਕੇਟ ਜਸਜੀਤ ਸਿੰਘ ਬੇਦੀ, ਜੀਕੇ ਮਾਨ ਅਤੇ ਅਰੁਣ ਭਾਰਦਵਾਜ ਰਾਹੀਂ ਦਾਇਰ ਪਟੀਸ਼ਨ 'ਤੇ ਇਹ ਨਿਰਦੇਸ਼ ਆਏ ਹਨ। ਇਸ ਦੌਰਾਨ ਬੈਂਚ ਨੂੰ ਦਸਿਆ ਗਿਆ ਕਿ ਸਾਬਕਾ ਪੁਲਿਸ ਅਧਿਕਾਰੀ ਅਪਰਾਧ ਦੰਡ ਸੰਘਤਾ (ਸੀਆਰਪੀਸੀ) ਦੀ ਧਾਰਾ 160 ਤਹਿਤ ਜਾਰੀ ਨੋਟਿਸ ਦੀ ਪਾਲਣਾ ਵਜੋਂ ਖ਼ੁਦ ਜਾਂਚ 'ਚ ਸ਼ਾਮਲ ਹੋਣ ਲਈ ਤਿਆਰ ਸੀ

ਪਰ ਉਸ ਨੂੰ ਖ਼ਦਸ਼ਾ ਹੈ ਕਿ ਜਾਚ ਦੌਰਾਨ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਅੱਗੇ ਕਿਹਾ ਗਿਆ ਕਿ ਪਟੀਸ਼ਨਰ ਜਾਂਚ 'ਚ ਸਹਿਯੋਗ ਦੇਣ ਲਈ ਤਿਆਰ ਹੈ ਪਰ ਉਸ ਨੂੰ ਸੁਣੇ ਜਾਣ ਦਾ ਇਕ ਮੌਕਾ ਮਿਲਣਾ ਚਾਹੀਦਾ ਹੈ ਅਤੇ ਜਾਂਚ ਦੌਰਾਨ ਉਸ ਨੂੰ ਅਚਾਨਕ ਗ੍ਰਿਫ਼ਤਾਰ ਨਾ ਕਰ ਲਿਆ ਜਾਵੇ। ਦਸਣਯੋਗ ਹੈ ਕਿ ਇਹ ਕੇਸ ਪੰਜਾਬ ਪੁਲਿਸ ਦੇ ਹੀ ਇਕ ਸਾਬਕਾ ਅਧਿਕਾਰੀ ਸ਼ਿਵ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।