ਖੋਜ ਕਾਰਜਾਂ ਬਿਨਾਂ ਰਾਸ਼ਟਰ ਦੀ ਤਰੱਕੀ ਅਧੂਰੀ : ਜਾਵੇੜਕਰ
ਮਨੁੱਖੀ ਸ੍ਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਕਿਹਾ ਕਿ ਖੋਜ ਕਾਰਜਾਂ ਤੋਂ ਬਿਨਾਂ ਕਿਸੇ ਵੀ ਰਾਸ਼ਟਰ ਦੀ ਤਰੱਕੀ ਅਧੂਰੀ ਹੀ ਰਹਿੰਦੀ ਹੈ.......
ਜਲੰਧਰ : ਮਨੁੱਖੀ ਸ੍ਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਕਿਹਾ ਕਿ ਖੋਜ ਕਾਰਜਾਂ ਤੋਂ ਬਿਨਾਂ ਕਿਸੇ ਵੀ ਰਾਸ਼ਟਰ ਦੀ ਤਰੱਕੀ ਅਧੂਰੀ ਹੀ ਰਹਿੰਦੀ ਹੈ। ਸਮੁੰਦਰ ਮੰਥਨ ਵਾਂਗ ਰਿਸਰਚ ਕੰਮਾਂ 'ਚ ਬੇਸ਼ਕ ਸਮਾਂ ਅਤੇ ਮਿਹਨਤ ਲਗਦੀ ਹੈ ਪਰ ਇਸ ਦੇ ਫੱਲ ਹਮੇਸ਼ਾ ਮਿੱਠੇ ਹੁੰਦੇ ਹਨ। ਉਹ ਲਵਲੀ ਪ੍ਰੋਫ਼ੈਸ਼ਨਲ ਯੂਨਿਵਰਸਿਟੀ 'ਚ ਚੱਲ ਰਹੀ 106ਵੀਂ ਇੰਡੀਅਨ ਸਾਇੰਸ ਕਾਂਗਰਸ ਦੌਰਾਨ ਵਿਮਨ ਸਾਇੰਸ ਕਾਂਗਰਸ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਔਰਤਾਂ ਨੂੰ ਸਥਿਰਤਾ, ਸਾਹਸ ਅਤੇ ਮਜ਼ਬੂਤ ਵਿਸ਼ਵਾਸ ਦਾ ਪ੍ਰਤੀਕ ਦਸਦਿਆਂ ਮੰਤਰੀ ਨੇ ਉਨ੍ਹਾਂ ਨੂੰ ਸਾਇੰਸ ਅਤੇ ਤਕਨਾਲੋਜੀ ਦੇ ਖੇਤਰਾਂ 'ਚ ਹਮੇਸ਼ਾ ਅੱਗੇ ਰਹਿਣ ਲਈ ਕਿਹਾ।
ਉਨ੍ਹਾਂ ਭਾਰਤ ਦੀ ਖ਼ੁਸ਼ਹਾਲੀ ਲਈ ਅਕਾਦਮਿਕ, ਉਦਯੋਗ ਅਤੇ ਖੋਜ ਖੇਤਰਾਂ ਦੇ ਏਕੀਕ੍ਰਿਤ ਕੰਮਾਂ 'ਤੇ ਜ਼ੋਰ ਦਿਤਾ। ਉਨ੍ਹਾਂ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਵਿਚਾਲੇ ਸਾਂਝੇ ਖੋਜ ਪ੍ਰੋਗਰਾਮਾਂ ਦੀ ਗੱਲ ਕੀਤੀ। ਜਾਵੇੜਕਰ ਨੇ ਐਲਪੀਯੂ ਦੇ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਵਲੋਂ ਬਣਾਈ ਗਈ ਡਰਾਈਵਰਲੈਸ ਮਲਟੀ ਸੀਟਰ ਸੋਲਰ ਬੱਸ ਲਾਂਚ ਕੀਤੀ ਅਤੇ ਇਸ ਦੀ ਸਵਾਰੀ ਵੀ ਕੀਤੀ। ਇਸ ਮੌਕੇ ਡਾ. ਮਨੋਜ ਕੁਮਾਰ ਚੱਕਰਵਰਤੀ, ਪ੍ਰੋ ਪੀ ਪੀ ਮਾਥੁਰ, ਅਸ਼ੋਕ ਮਿੱਤਲ, ਪ੍ਰੋ. ਗੰਗਾਧਰ, ਡਾ. ਨਮਿਤਾ ਗੁਪਤਾ ਵੀ ਮੌਜੂਦ ਸਨ।