ਪੰਜਾਬ ਮੰਤਰੀ ਮੰਡਲ ਦੀ ਹੋਈ ਅਹਿਮ ਮੀਟਿੰਗ, ਸੈਰ ਸਪਾਟਾ ਨੀਤੀ 'ਚ ਸੋਧ ਨੂੰ ਦਿਤੀ ਪ੍ਰਵਾਨਗੀ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ

Captain amarinder singh

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 16 ਅਤੇ 17 ਜਨਵਰੀ ਨੂੰ ਬੁਲਾਇਆ ਗਿਆ ਹੈ, ਜਿਸ 'ਚ ਕਈ ਅਹਿਮ ਬਿੱਲਾਂ ਦੇ ਪਾਸ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 14 ਜਨਵਰੀ ਨੂੰ ਦੁਬਾਰਾ ਬੁਲਾਈ ਗਈ ਹੈ। ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਦੌਰਾਨ ਕੀਤਾ ਗਿਆ।

ਇਹ ਮੀਟਿੰਗ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਹਿਤ ਵੀਰਵਾਰ ਨੂੰ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਰਾਜ ਸੈਰ ਸਪਾਟਾ ਨੀਤੀ 2018 ਵਿਚ ਲੋੜੀਂਦੀਆਂ ਸੋਧਾਂ ਨੂੰ ਪ੍ਰਵਾਨਗੀ ਵੀ ਦਿਤੀ ਗਈ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਅੰਗਹੀਣ ਵਿਅਕਤੀਆਂ ਦੇ ਅਧਿਕਾਰਾਂ ਸਬੰਧੀ ਕੇਂਦਰੀ ਸਰਕਾਰ ਦੇ ਆਦੇਸ਼ਾਂ ਅਨੁਸਾਰ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਇਸ ਦੀਆਂ ਧਾਰਾਵਾਂ ਦੀ ਪਾਲਣਾ ਕਰਨ ਦੀ ਲੋੜ ਸੀ।

ਇਸੇ ਤਹਿਤ ਮੰਤਰੀ ਮੰਡਲ ਨੇ ਆਰਪੀਡਬਲਯੂਡੀ ਐਕਟ ਦੇ ਸੈਕਸ਼ਨ 29 ਦੀਆਂ ਕੁਝ ਧਾਰਾਵਾਂ ਨੂੰ ਪੰਜਾਬ ਰਾਜ ਸਭਿਆਚਾਰ ਨੀਤੀ 2017 ਅਤੇ ਪੰਜਾਬ ਰਾਜ ਟੂਰਿਜ਼ਮ ਪਾਲਿਸੀ 2018 ਵਿਚ ਸ਼ਾਮਲ ਕਰਨ ਦੀ ਸਹਿਮਤੀ ਦਿਤੀ ਹੈ। ਇਸ ਵਾਧੇ ਦਾ ਮਕਸਦ ਅਪਾਹਜ ਵਿਅਕਤੀਆਂ ਤਕ ਕਲਾ ਨੂੰ ਪਹੁੰਚਯੋਗ ਬਣਾਉਣਾ, ਅਯੋਗ ਵਿਅਕਤੀਆਂ ਲਈ ਭਾਗੀਦਾਰੀ ਅਤੇ ਪਹੁੰਚ ਨੂੰ ਸਮਰੱਥ ਬਣਾਉਣ ਲਈ ਨ੍ਰਿਤ, ਕਲਾ, ਸੱਭਿਆਚਾਰਕ ਅਤੇ ਕਲਾ ਵਿਸ਼ਿਆਂ ਦੇ ਕੋਰਸਾਂ ਨੂੰ ਮੁੜ ਡਿਜ਼ਾਈਨ ਕਰਨ ਵਿਚ ਹਿੱਸਾ ਲੈਣ ਦੀ ਸਹੂਲਤ ਦੇਣਾ ਹੈ।

ਇਸ ਨੀਤੀ ਦੇ ਮੁੱਖ ਅਧਾਰ, ਜਨਤਕ ਬੁਨਿਆਦੀ ਢਾਂਚੇ ਵਿਚ ਕਲਾ ਅਤੇ ਸਭਿਆਚਾਰ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਪੰਜਾਬ ਰਾਜ ਸੈਰ-ਸਪਾਟਾ ਨੀਤੀ ਨੂੰ ਕੈਬਨਿਟ ਨੇ 15 ਫਰਵਰੀ, 2018 ਨੂੰ ਮਨਜ਼ੂਰੀ ਦਿਤੀ ਗਈ ਸੀ।