ਬੀਰਦਵਿੰਦਰ ਸਿੰਘ ਨੇ ਹਰਸਿਮਰਤ ਬਾਦਲ ਦੇ ਮਾਮਲੇ ’ਚ ਸਬੂਤਾਂ ਸਮੇਤ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖਿਆ

ਏਜੰਸੀ

ਖ਼ਬਰਾਂ, ਪੰਜਾਬ

ਬੀਰਦਵਿੰਦਰ ਸਿੰਘ ਨੇ ਹਰਸਿਮਰਤ ਬਾਦਲ ਦੇ ਮਾਮਲੇ ’ਚ ਸਬੂਤਾਂ ਸਮੇਤ ਜਥੇਦਾਰ ਹਰਪ੍ਰੀਤ ਸਿੰਘ ਨੂੰ ਲਿਖਿਆ ਪੱਤਰ

image

ਪਟਿਆਲਾ, 8 ਜਨਵਰੀ (ਜਸਪਾਲ ਸਿੰਘ ਢਿੱਲੋਂ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਉਪ ਸਪੀਕਰ ਬੀਰਦਵਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਦਿਤੇ ਬਿਆਨ ਦੇ ਮਾਮਲੇ ਨੂੰ ਲੈਕੇ ਇਕ ਪੱਤਰ ਸਬੂਤਾਂ ਸਮੇਤ ਲਿਖਿਆ ਹੈ ਜਿਸ ਦਾ ਮੂਲ ਪਾਠ ਨਿਮਨ ਅਨੁਸਾਰ ਹੈ। ਸਿੰਘ ਸਾਹਿਬ ਮੈਂ ਉਮੀਦ ਕਰਦਾ ਹਾਂ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਹੋਣ ਦੀ ਹੈਸੀਅਤ ਵਿਚ, ਆਪ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ , ਇਸ ਸਾਲ ਦੇ ਆਰੰਭ ਵਿਚ, ਹੋਣ ਵਾਲੀਆਂ ਤਮਾਮ ਗਤੀਵਿਧੀਆਂ ਵਿਸ਼ੇਸ਼ ਕਰ ਕੇ  2 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਤੋਂ ਤੁਸੀ ਪੂਰੀ ਤਰ੍ਹਾਂ ਅਵਗਤ ਹੋਵੋਗੇ । 
ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਸਤਿਕਾਰ ਯੋਗ ਜਥੇਦਾਰ ਹੋਣ ਦੀ ਹੈਸੀਅਤ ਵਿਚ ਅਤੀ ਵਿਸ਼ੇਸ਼ ਵਿਅਕਤੀਆਂ ਦੇ ਸਿੱਖ ਕਿਰਦਾਰ ਵਿਚ ਆਈ, ਅੱਤ ਨਿੰਦਣ ਯੋਗ ਅਧੋਗਤੀ ਦਾ ਇਕ ਖਾਸ ਮਾਮਲਾ  ਆਪ ਜੀ ਦੇ ਦ੍ਰਿਸ਼ਟੀ ਗੋਚਰ  ਕਰਨ ਦੀ, ਬੜੀ ਨਿਮਰਤਾ ਸਾਹਿਤ ਆਗਿਆ ਮੰਗ ਰਿਹਾ ਹਾਂ। ਮੇਰੀ ਅਰਜ਼ਦਾਸ਼ਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ, ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਿਤੀ 2 ਜਨਵਰੀ 2021 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ( ਤਲਵੰਡੀ ਸਾਬੋ ) ਪਾਏ ਗਏ ਸਨ । ਇਸ ਅਵਸਰ ਉੱਤੇ, ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ( ਬਠਿੰਡਾ) ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿਚ ਕੀਤੀ  ਗਈ ਤਕਰੀਰ, ਮੈਂ ਪੀ.ਟੀ.ਸੀ ਨਿਊਜ਼ ( ਪੰਜਾਬੀ ਟੀ.ਵੀ. ਚੈਨਲ ) ਉੱਤੇ ਮਿਤੀ 2 ਅਤੇ 3 ਜਨਵਰੀ ਨੂੰ ਬੜੇ ਧਿਆਨ ਨਾਲ ਸੁਣੀ , ਜਿਸ ਵਿਚ ਉਨ੍ਹਾਂ ਨੇ ਕਈ ਮੁੱਦਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿਚ ਬੜੀ ਕਠੋਰਤਾ  ਅਤੇ ਬੇਰਹਿਮੀ ਨਾਲ ਝੂਠ ਬੋਲਿਆ ਹੈ ਅਤੇ ਤੱਥਾ ਦੇ ਉਲਟ, ਸਿੱਖ ਸੰਗਤਾਂ ਦੀ ਹਾਜ਼ਰੀ ਵਿਚ ਰੱਜ ਕੇ ਕੁਫ਼ਰ ਤੋਲਦੇ ਰਹੇ, ਜੋ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਇਕ ਕੁਰਹਿਤ ਮੰਨੀ ਗਈ ਹੈ।
ਉਨ੍ਹਾਂ ਦਾ ਪਹਿਲਾ ਫ਼ਰੇਬ ਤੇ ਝੂਠ ਤਾਂ ਇਹ ਸੀ, ਕਿ ਜੇ ਕੋਈ ਵੀ ਵਿਰੋਧੀ ਇਹ ਸਾਬਿਤ ਕਰ ਦੇਵੇ ਕਿ ਮੈਂ ਭਾਰਤ ਸਰਕਾਰ ਦੀ ਮੰਤਰੀ ਹੁੰਦੇ ਹੋਏ, ਕੈਬਨਿਟ ਮੀਟਿੰਗ ਵਿਚ ਕਿਤੇ ਵੀ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਹੱਕ ਵਿਚ ਅਪਣੇ ਦਸਤਖ਼ਤ ਕਰ ਕੇ ਸਹੀ ਪਾਈ ਹੋਵੇ ਜਾਂ ਉਨ੍ਹਾਂ ਦੇ ਪੱਖ ਵਿਚ ਭੁਗਤੀ ਹੋਵਾਂ ਤਾਂ ਮੈਂ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਾਂ ਅਤੇ ਸਿਆਸਤ ਤੋਂ ਵੀ ਸਦਾ ਵਾਸਤੇ ਲਾਂਭੇ ਹੋ ਜਾਵਾਂਗੀ। ਉਨ੍ਹਾਂ ਨੇ ਇਹ ਖੁੱਲ੍ਹਾ ਚੈਲੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਕੀਤਾ ਸੀ, ਜੋ ਦੂਸਰੇ ਦਿਨ , ਭਾਵ 3 ਜਨਵਰੀ ਨੂੰ, ਲੱਗਪਗ ਸਾਰੇ ਅਖ਼ਬਾਰਾਂ ਵਿਚ ਛਪਿਆ ਹੈ।  ਮੈਂ ਇਕ ਨਿਮਾਣਾ ਸਿੱਖ ਹੋਣ ਦੇ ਨਾਤੇ, ਤੁਹਾਡੇ ਰਾਹੀਂ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ( ਬਠਿੰਡਾ) ਪਾਸੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਨ੍ਹਾਂ ਨੇ ਕਦੇ ਵੀ, ਭਾਰਤ ਸਰਕਾਰ ਦੇ ਮੰਤਰੀ ਹੁੰਦੇ ਹੋਏ, ਪਿਛਲੇ ਲਗ-ਪਗ ਸਾਢੇ-ਛੇ ਸਾਲਾਂ ਵਿਚ, ਕਦੇ ਵੀ ਕੈਬਨਿਟ ਮੀਟਿੰਗ ਵਿਚ ਕਿਸੇ ਵੀ ਫ਼ੈਸਲੇ ਉਤੇ ਅਪਣੇ ਦਸਤਖ਼ਤ ਕਰ ਕੇ ਸਹੀ ਪਾਈ ਹੈ ? 


ਜੇ ਪਾਈ ਹੈ ਤਾਂ ਉਸਦਾ ਤਸਦੀਕ ਸ਼ੁਦਾ ਸਬੂਤ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਕੀਤਾ ਜਾਵੇ ਜੀ। ਜਦੋਂ ਦਸਤੂਰ ਅਨੁਸਾਰ ਕੈਬਨਿਟ ਮੀਟਿੰਗ ਸਮੇਂ, ਕੈਬਨਿਟ ਮੰਤਰੀਆਂ ਦੇ ਦਸਤਖ਼ਤ ਕਰਵਾਉਣ ਦੀ, ਕੋਈ ਪ੍ਰਥਾ ਹੀ ਨਹੀਂ, ਤਾਂ ਇਸ ਤਕਨੀਕੀ ਵਿਵਸਥਾ ਤੋਂ ਪੂਰੀ ਤਰ੍ਹਾਂ ਜਾਣੂ ਹੁੰਦਿਆਂ ਹੋਇਆਂ ਵੀ, ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ਨੇ ਜਾਣ ਬੁੱਝ ਕੇ ਇਹ ਛਲਾਵਾ ਭਰਪੂਰ ਬਿਆਨ ਸਿੱਖ ਸੰਗਤਾਂ ਵਿੱਚ ਭਰਮ ਤੇ ਭੁਲੇਖਾ ਪਾਉਣ ਅਤੇ ਸਿੱਖ ਸੰਗਤਾਂ ਨੂੰ ਮੂਰਖ ਬਣਾਉਣ ਦੇ ਮਨਸ਼ੇ ਨਾਲ ਅਤੇ ਆਪਣੀ ਬੇਈਮਾਨੀ ਅਤੇ ਕਿਸਾਨਾਂ ਨਾਲ ਕਮਾਏ ਧ੍ਰੋਹ ਤੇ ਪਰਦਾ ਪਾਉਂਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ, ਕਿਉਂ ਦਿੱਤਾ ਗਿਆ ? ਕੀ ਇਹ ਇੱਕ ਸਿੱਖ ਮੈਂਬਰ ਪਾਰਲੀਮੈਂਟ ਦੇ ਸਿੱਖ ਕਿਰਦਾਰ ਅਤੇ ਉਸਦੇ ਨੈਤਿਕ ਪੱਤਣ ਦੀ ਇੱਕ ਅਨੋਖੀ ਮਿਸਾਲ ਨਹੀਂ ਹੈ ? ਜਿਸ ਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਤ,  ਸਿੱਖ ਰਹਿਤ ਮਰਿਆਦਾ ਅਨੁਸਾਰ ਸਖ਼ਤ ਨੋਟਿਸ ਲੈਣਾਂ ਬਣਦਾ ਹੈ। ਉਂਝ ਵੀ 3 ਜੂਨ 2020 ਤੋਂ ਲੈ ਕੇ 14 ਸਤੰਬਰ 2020 ਤੱਕ ਉਕਤ ਬੀਬੀ ਜੀ, ਭਾਰਤ ਸਰਕਾਰ ਦੇ ਮੰਤਰੀ ਹੁੰਦੇ, ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਪੁਰ-ਜ਼ੋਰ ਸਮਰਥਨ ਕਰਦੇ ਰਹੇ ਹਨ, ਜਿਸਦੇ ਸਬੂਤ ਵੀ ਆਪ ਜੀ ਨੂੰ ਭੇਜ ਰਿਹਾ ਹਾਂ। ਫਿਰ ਅਜਿਹਾ ਫ਼ਰੇਬ ਇਸ ਬੀਬੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੇ ਉਹ ਵੀ ਤਖਤ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਕਿਉਂ ਕੀਤਾ ਗਿਆ ?
    ਮੈਂ  ਇੱਕ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੜੀ ਬੇਬਾਕੀ ਅਤੇ ਚਲਾਕੀ ਨਾਲ ਦਿੱਤੇ ਗਏ ਉਕਤ ਬੀਬੀ ਦੇ ਚੈਲੰਜ ਨੂੰ  ਪ੍ਰਵਾਨ ਕਰਦਾ ਹਾਂ ਅਤੇ ਸ੍ਰੀ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੋਲੇ ਗਏ ਝੂਠ ਅਤੇ ਫ਼ਰੇਬ ਸੰਬੰਧੀ ਆਪ ਜੀ ਦੀ ਹਾਜ਼ਰੀ ਵਿੱਚ, ਸ੍ਰੀ ਅਕਾਲ ਤਖਤ ਸਾਹਿਬ ਉੱਤੇ,  ਦਸਤਾਵੇਜੀ ਸਬੂਤਾਂ ਸਮੇਤ ਇਸ ਸਮੁੱਚੇ ਛਲਾਵੇ, ਝੂਠ ਅਤੇ ਫ਼ਰੇਬ ਨੂੰ ਬੇਪਰਦ ਕਰਕੇ ਸਾਬਤ ਕਰਨਾ ਚਾਹੁੰਦਾ ਹਾਂ । ਕਿਰਪਾ ਕਰਕੇ ਮੈਨੂੰ ਆਪ ਜੀ ਦੀ ਸੁਵਿਧਾ ਅਨੁਸਾਰ ਮੁਲਾਕਾਤ ਕਰਨ ਦਾ ਵਕਤ ਨਿਸਚਿਤ ਕੀਤਾ ਜਾਵੇ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਲੋਕ ਸਭਾ ( ਬਠਿੰਡਾ) ਨੂੰ ਵੀ ਉਸੇ ਮਿਤੀ ਅਤੇ ਸਮੇਂ ਤੇ ਤਲਬ ਕੀਤਾ ਜਾਵੇ ਤਾਂ ਕਿ ਸੱਚ-ਝੂਠ ਦਾ ਨਿਤਾਰਾ, ਸ੍ਰੀ ਅਕਾਲ ਤਖਤ ਸਾਹਿਬ ਉੱਤੇ,  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਹਮਣੇ-ਸਾਹਮਣੇ ਬੈਠ ਕੇ ਤਹਿ ਹੋ ਸਕੇ।
ਮੈਂ ਆਪ ਜੀ ਵੱਲੋਂ ਪਰਵਾਨ ਕੀਤੀ ਤਿਥੀ ਅਤੇ ਸਮੇਂ ਦੀ ਉਡੀਕ ਕਰਾਂਗਾ ਜੀ।
ਅਤਿ ਸਤਿਕਾਰ ਸਾਹਿਤ
ਗੁਰੂ ਘਰ ਦਾ ਕੂਕਰ
ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ।
ਫੋਟੋ ਨੰ: 8 ਪੀਏਟੀ 22