ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁਲਿਸ ਅਫ਼ਸਰਾਂ ਦੀ ਤਾਇਨਾਤੀ ਬੇਬੁਨਿਆਦ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁਲਿਸ ਅਫ਼ਸਰਾਂ ਦੀ ਤਾਇਨਾਤੀ ਬੇਬੁਨਿਆਦ

image

ਪੁਲਿਸ ਦਾ ਕੰਮ ਸੂਚਨਾ ਇਕੱਤਰ ਕਰਨਾ ਅਤੇ ਮੇਰਾ ਕੰਮ ਹਾਲਾਤ 'ਤੇ ਨਜ਼ਰ ਰਖਣਾ : ਕੈਪਟਨ

ਚੰਡੀਗੜ੍ਹ, 8 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਸਾਰੇ ਇਲਜ਼ਾਮਾਂ ਅਤੇ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਬਦਨੀਅਤੀ ਤੋਂ ਪ੍ਰੇਰਿਤ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੀ ਸਰਹੱਦ 'ਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁਲਿਸ ਅਫ਼ਸਰਾਂ ਦੀ ਤਾਇਨਾਤੀ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | 
   ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਗੇਂਦ ਹੁਣ ਕੇਂਦਰ ਸਰਕਾਰ ਦੇ ਪਾਲੇ ਵਿਚ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਵਿਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ | ਮੁੱਖ ਮੰਤਰੀ ਨੇ ਮੀਡੀਆ ਦੇ ਇਕ ਹਿੱਸੇ ਵਿਚ ਨਸ਼ਰ ਹੋ ਰਹੀਆਂ ਰਿਪੋਰਟਾਂ ਦੇ ਆਧਾਰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਵਲੋਂ ਲਾਏ ਜਾ ਰਹੇ ਇਲਜ਼ਾਮਾਂ ਦੀ ਕਰੜੀ ਨਿਖੇਧੀ ਵੀ ਕੀਤੀ | 
   ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਕਿਸਾਨਾਂ ਵਲੋਂ ਦਿੱਲੀ ਸਰਹੱਦ ਤੋਂ ਕਾਫੀ ਪਹਿਲਾਂ ਦੇ ਸਮੇਂ ਤੋ ਹੀ ਮੁਜ਼ਾਹਰੇ ਕੀਤੇ ਜਾ ਰਹੇ ਹਨ, ਇਸ ਲਈ ਉਨ੍ਹਾਂ ਨੇ ਸੁਭਾਵਿਕ ਤੌਰ 'ਤੇ ਪੁਲਿਸ ਅਧਿਕਾਰੀਆਂ ਨੂੰ ਸਿਰਫ ਕੌਮੀ ਰਾਜਧਾਨੀ ਦਿੱਲੀ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦੀ ਸਥਿਤੀ ਬਾਰੇ ਨਿਯਮਿਤ ਰੂਪ ਵਿਚ ਤਾਜ਼ਾ ਹਾਲਾਤ ਦੀ ਜਾਣਕਾਰੀ ਅਤੇ ਖੁਫ਼ੀਆ ਰਿਪੋਰਟਾਂ ਦੇਣ ਲਈ ਕਿਹਾ ਸੀ | ਉਨ੍ਹਾਂ ਅੱਗੇ ਦਸਿਆ ਕਿ ਕਿਸਾਨਾਂ ਦੇ ਮੁਜ਼ਾਹਰੇ ਵਾਲੀ ਥਾਂ 'ਤੇ ਪੰਜਾਬ ਦੇ ਕੁਝ ਕੁ ਪੁਲਿਸ ਕਰਮੀਆਂ ਦੀ ਮੌਜੂਦਗੀ ਦਾ ਗ਼ਲਤ ਮਤਲਬ ਕੱਢ ਕੇ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦਸਿਆ ਕਿ ਹਾਲਾਤ 'ਤੇ ਨਜ਼ਰ ਰੱਖਣਾ ਸੂਬੇ ਦੀ ਪੁਲਿਸ ਦਾ ਕੰਮ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਸਾਰੀ ਸਥਿਤੀ ਤੋਂ ਜਾਣੂੰ ਹੋਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ | 
   ਮੁੱਖ ਮੰਤਰੀ ਨੇ ਕਿਹਾ ਕਿ ਜੋ ਕੋਈ ਵੀ ਇਹ ਸਮਝਦਾ ਹੈ ਕਿ ਗਿਣਤੀ ਦੇ ਪੁਲਿਸ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰ ਸਕਦੇ ਹਨ ਜਾਂ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਵਿਚ ਸੋਧਾਂ ਦੇ ਸੁਝਾਵਾਂ ਨੂੰ ਮੰਨਣ ਲਈ ਕਿਸਾਨ ਆਗੂਆਂ ਨੂੰ ਰਾਜ਼ੀ ਕਰ ਸਕਦੇ ਹਨ, ਤਾਂ ਉਹ ਬਿਲਕੁਲ ਹੀ ਨਾ-ਸਮਝ ਹੈ | ਉਨ੍ਹਾਂ ਅੱਗੇ ਕਿਹਾ ਕਿ ਜਦੋਂ ਕਿ ਕੇਂਦਰ ਸਰਕਾਰ ਦੇ ਚੋਟੀ ਦੇ ਆਗੂ ਮੌਜੂਦਾ ਸਮੇਂ ਦੌਰਾਨ ਗੱਲਬਾਤ ਦੀ ਪ੍ਰਕਿਰਿਆ ਵਿਚ ਸ਼ਾਮਲ ਹਨ ਤਾਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੇ ਇਸ ਵਿਚ ਸ਼ਮੂਲੀਅਤ ਕਰਨ ਦਾ ਸਵਾਲ ਕਿਥੋਂ ਪੈਦਾ ਹੁੰਦਾ ਹੈ? 
   ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਅਰਵਿੰਦ ਕੇਜਰੀਵਾਲ ਤੇ ਇਨ੍ਹਾਂ ਦੋਵਾਂ ਦੇ ਪਾਰਟੀ ਕਾਰਕੁਨ ਝੂਠ ਅਤੇ ਫ਼ਰੇਬ ਦਾ ਆਸਰਾ ਲੈ ਕੇ ਅਪਣੀਆਂ ਉਨ੍ਹਾਂ ਨਾਕਾਮੀਆਂ ਨੂੰ ਲੁਕਾਉਣਾ ਚਾਹੁੰਦੇ ਹਨ ਜਿਸ ਦਾ ਸਾਹਮਣਾ ਇਨ੍ਹਾਂ ਨੂੰ ਖੇਤੀ ਕਾਨੂੰਨਾਂ ਦੁਆਰਾ ਪੈਦਾ ਹੋਏ ਸਮੁੱਚੇ ਸੰਕਟ ਦੌਰਾਨ ਕਰਨਾ ਪਿਆ ਹੈ |