ਅਮਰੀਕਾ ’ਚ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕਾ ’ਚ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ

image

ਪੱਗ ਉਤਾਰੀ ਅਤੇ ਵਰਤੀ ਭੱਦੀ ਸ਼ਬਦਾਵਲੀ

ਨਿਊਯਾਰਕ, 8 ਜਨਵਰੀ: ਨਿਊਯਾਰਕ ਦੇ ਜੌਹਨ ਐਫ਼ ਕੈਨੇਡੀ (ਜੇਐਫ਼ਕੇ) ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ, ਇਕ ਅਣਪਛਾਤੇ ਵਿਅਕਤੀ ਨੇ ਭਾਰਤੀ ਮੂਲ ਦੇ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰ ਦਿਤਾ, ਉਸ ਦੀ ਪੱਗ ਉਤਾਰ ਦਿਤੀ ਅਤੇ ਉਸ ਵਿਰੁਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਇਹ ਘਟਨਾ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਵੀਡੀਉ ਰਾਹੀਂ ਸਾਹਮਣੇ ਆਈ ਹੈ। ਇਹ ਅਮਰੀਕਾ ਵਿਚ ਨਸਲੀ ਤੌਰ ’ਤੇ ਪ੍ਰੇਰਿਤ ਨਫ਼ਰਤ ਅਪਰਾਧ ਦਾ ਇਕ ਹੋਰ ਸ਼ੱਕੀ ਮਾਮਲਾ ਹੈ।
ਨਵਜੋਤ ਪਾਲ ਕੌਰ ਨੇ 4 ਜਨਵਰੀ ਨੂੰ ਟਵਿੱਟਰ ’ਤੇ 26 ਸੈਕਿੰਡ ਦੀ ਵੀਡੀਉ ਅਪਲੋਡ ਕੀਤੀ ਸੀ ਜਿਸ ਵਿਚ ਇਕ ਵਿਅਕਤੀ ਏਅਰਪੋਰਟ ਦੇ ਬਾਹਰ ਇਕ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਨਵਜੋਤ ਕੌਰ ਨੇ ਦਸਿਆ ਕਿ ਏਅਰਪੋਰਟ ’ਤੇ ਖੜੇ ਇਕ ਹੋਰ ਵਿਅਕਤੀ ਨੇ ਵੀਡੀਉ ਰਿਕਾਰਡ ਕੀਤੀ ਸੀ। ਇਹ ਵੀਡੀਉ ਕਿਸ ਤਾਰੀਖ਼ ਦਾ ਹੈ, ਇਸ ਦੀ ਜਾਣਕਾਰੀ ਨਹੀਂ ਦਿਤੀ ਗਈ ਹੈ। ਵੀਡੀਉ ਵਿਚ ਵਿਅਕਤੀ ਨੂੰ ਪੀੜਤ ਵਿਰੁਧ ਇਤਰਾਜ਼ਯੋਗ ਭਾਸਾ ਦੀ ਵਰਤੋਂ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਉ ਵਿਚ ਉਹ ਸਿੱਖ ਵਿਅਕਤੀ ਨੂੰ ਵਾਰ-ਵਾਰ ਕੁੱਟਦਾ ਅਤੇ ਮੁੱਕਾ ਮਾਰਦਾ ਦਿਖਾਈ ਦੇ ਰਿਹਾ ਹੈ। ਵੀਡੀਉ ਵਿਚ ਦੇਖਿਆ ਜਾ ਰਿਹਾ ਹੈ ਕਿ ਉਸ ਨੇ ਸਿੱਖ ਵਿਅਕਤੀ ਦੀ ਪੱਗ ਵੀ ਲਾਹ ਦਿਤੀ। ਨਵਜੋਤ ਕੌਰ ਨੇ ਕਿਹਾ,‘‘ਇਹ ਵੀਡੀਉ ਕਿਸੇ ਹੋਰ ਵਿਅਕਤੀ ਦੁਆਰਾ ਜੌਹਨ ਐਫ਼ ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸ਼ੂਟ ਕੀਤਾ ਗਿਆ ਸੀ। ਮੈਂ ਇਹ ਵੀਡੀਉ ਰਿਕਾਰਡ ਨਹੀਂ ਕੀਤੀ, ਪਰ ਮੈਂ ਇਸ ਤੱਥ ਨੂੰ ਉਜਾਗਰ ਕਰਨਾ ਚਾਹੁੰਦੀ ਸੀ ਕਿ ਸਾਡੇ ਸਮਾਜ ਵਿਚ ਅਜੇ ਵੀ ਨਫ਼ਰਤ ਦਾ ਬੋਲਬਾਲਾ ਹੈ ਅਤੇ ਬਦਕਿਸਮਤੀ ਨਾਲ, ਮੈਂ ਬਹੁਤ ਸਾਰੇ ਸਿੱਖ ਕੈਬ ਡਰਾਈਵਰਾਂ ਨੂੰ ਕਈ ਵਾਰ ਹਮਲੇ ਦਾ ਸ਼ਿਕਾਰ ਹੁੰਦੇ ਦੇਖਿਆ ਹੈ।’’             (ਏਜੰਸੀ)