ਸੰਸਦ 'ਤੇ ਹਮਲੇ ਦੀ ਝੂਠੀ ਸ਼ਿਕਾਇਤ ਦੇਣ ਵਾਲਾ ਕਾਬੂ, ਮੁਲਜ਼ਮ ਫਰੀਦਾਬਾਦ ਤੋਂ ਕੀਤਾ ਗ੍ਰਿਫ਼ਤਾਰ
ਖਰੜ 'ਚ ਵਕੀਲ ਦੀ ਕੁੱਟਮਾਰ ਅਤੇ ਖੋਹ ਦਾ ਮਾਮਲਾ
ਮੁਹਾਲੀ- ਖਰੜ ਥਾਣੇ ਦੀ ਪੁਲਿਸ ਨੇ ਸਾਲ 2002 ਵਿਚ ਨਵੀਂ ਦਿੱਲੀ ਦੇ ਯਮੁਨਾ ਪਾਰਕ, ਸੰਸਦ ਭਵਨ ਵਿਚ ਹੋਏ ਹਮਲੇ ਬਾਰੇ ਪੁਲਿਸ ਕੰਟਰੋਲ ਰੂਮ ਵਿਚ ਝੂਠੀ ਸੂਚਨਾ ਦੇਣ ਦੇ ਦੋਸ਼ ਹੇਠ ਇੱਕ ਅਪਰਾਧਿਕ ਕੇਸ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ 'ਚ ਸ਼ਿਕਾਇਤਕਰਤਾ ਫਰੀਦਾਬਾਦ ਦਾ ਰਹਿਣ ਵਾਲਾ ਵਿਪਨ ਵਰਮਾ ਹੈ। ਪਿਛਲੇ ਸਾਲ 24 ਜਨਵਰੀ ਦੀ ਸ਼ਾਮ ਨੂੰ ਖਰੜ ਵਿਚ ਉਸ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਲੁੱਟ ਖੋਹ ਦੀ ਵਾਰਦਾਤ ਹੋਈ ਸੀ।
ਕਾਰ ਵਿਚ ਆਏ ਦੋ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਵਿਚ ਲਲਿਤ ਕੁਮਾਰ ਝਾਂਬ ਉਰਫ਼ ਲਵਲੀ ਉਮਰ ਕਰੀਬ 40 ਸਾਲ ਦੇ ਇੱਕ ਮੁਲਜ਼ਮ ਦਾ ਨਾਮ ਸਾਹਮਣੇ ਆਇਆ ਸੀ। ਅਜਿਹੇ 'ਚ ਇਕ ਸਾਲ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ਵਿਚ ਸ਼ਿਕਾਇਤਕਰਤਾ ਦੇ ਵਕੀਲ ਸੁਮਿਤ ਸਾਹਨੀ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੇ ਉਸ ਦਾ ਇੱਕ ਦਿਨ ਦਾ ਰਿਮਾਂਡ ਲੈ ਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਖਰੜ ਥਾਣੇ ਦੀ ਪੁਲਿਸ ਨੇ ਪਿਛਲੇ ਸਾਲ 25 ਜਨਵਰੀ ਨੂੰ ਨੁਕਸਾਨ ਪਹੁੰਚਾਉਣ, ਅਪਰਾਧਿਕ ਰੁਕਾਵਟ ਅਤੇ ਡਰਾਉਣ ਧਮਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਬਾਅਦ ਵਿਚ ਮਾਮਲੇ ਵਿਚ ਸਨੈਚਿੰਗ ਦੀ ਧਾਰਾ ਜੋੜ ਦਿੱਤੀ ਗਈ। ਦੋਸ਼ੀ ਲਵਲੀ 'ਤੇ ਅਪਰਾਧਿਕ ਸਾਜ਼ਿਸ਼ ਦੀ ਧਾਰਾ ਜੋੜ ਦਿੱਤੀ ਗਈ ਹੈ। ਘਟਨਾ ਸਮੇਂ ਸ਼ਿਕਾਇਤਕਰਤਾ ਆਪਣੇ ਭਰਾ ਨਾਲ ਰਮਨ ਐਨਕਲੇਵ, ਚੱਜੂਮਾਜਰਾ, ਖਰੜ ਵਿਖੇ ਰਹਿ ਰਿਹਾ ਸੀ। ਉਸ ਨੇ ਲਲਿਤ ਝਾਂਬ ਅਤੇ 3 ਅਣਪਛਾਤੇ ਲੋਕਾਂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਪੇਸ਼ੇ ਤੋਂ ਵਕੀਲ ਹੈ।
ਸ਼ਿਕਾਇਤਕਰਤਾ ਰਾਤ 8.30 ਵਜੇ ਦੇ ਕਰੀਬ ਐਨਕ ਲੈਣ ਲਈ ਰਿਧੀ ਟਾਵਰ, ਸਵਰਾਜ ਐਨਕਲੇਵ ਜਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ। ਇਸੇ ਦੌਰਾਨ ਰਸਤੇ ਵਿਚ ਦੋ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਵਿੱਚੋਂ ਇੱਕ ਨੇ ਉਸ ਦਾ ਕਾਲਰ ਫੜ ਲਿਆ ਅਤੇ ਦੂਜੇ ਨੇ ਉਸ ਦਾ ਹੱਥ ਵੱਢਿਆ। ਮੁਲਜ਼ਮਾਂ ਨੇ ਉਸ ਦੇ ਗਲੇ ਵਿਚੋਂ ਸੋਨੇ ਦੀ ਚੇਨ ਅਤੇ ਸੋਨੇ ਦੀ ਮੁੰਦਰੀ ਖੋਹ ਲਈ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਕਮੀਜ਼ ਦੀ ਜੇਬ 'ਚੋਂ 5500 ਰੁਪਏ ਵੀ ਖੋਹ ਲਏ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੂੰ ਯਕੀਨ ਹੈ ਕਿ ਲਵਲੀ ਉਰਫ਼ ਲਲਿਤ ਕੁਮਾਰ ਝਾਂਬ ਨੇ ਤਿੰਨ ਅਣਪਛਾਤੇ ਹਮਲਾਵਰਾਂ ਨੂੰ ਭੇਜਿਆ ਸੀ।
ਹਮਲਾਵਰਾਂ ਨੇ ਸ਼ਿਕਾਇਤਕਰਤਾ ਨੂੰ ਧਮਕੀ ਦਿੱਤੀ ਕਿ ਉਹ ਲਵਲੀ ਵਿਰੁੱਧ ਦਰਜ ਚੋਰੀ ਦਾ ਕੇਸ ਵਾਪਸ ਲੈ ਲੈਣ। ਉਸ ਨੂੰ ਡਰਾਇਆ ਕਿ ਇਹ ਸਿਰਫ਼ ਟ੍ਰੇਲਰ ਸੀ। ਜੇਕਰ ਉਹ ਪਿੱਛੇ ਨਹੀਂ ਹਟਿਆ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਉਹ ਦੋਵੇਂ ਸਵਿਫਟ ਕਾਰ ਦੀ ਪਿਛਲੀ ਸੀਟ 'ਤੇ ਬੈਠ ਕੇ ਲਾਂਡਰਾ ਰੋਡ ਵੱਲ ਭੱਜ ਗਏ। ਸ਼ਿਕਾਇਤਕਰਤਾ ਦੇ ਵੀ ਸੱਟਾਂ ਲੱਗੀਆਂ ਸਨ ਅਤੇ ਉਹ ਸਿਵਲ ਹਸਪਤਾਲ ਖਰੜ ਵਿਖੇ ਜ਼ੇਰੇ ਇਲਾਜ ਸੀ। ਉਸ ਦੇ 4 ਥਾਵਾਂ 'ਤੇ ਸੱਟਾਂ ਲੱਗੀਆਂ ਸਨ ਅਤੇ ਐਕਸਰੇ ਵੀ ਕਰਵਾਏ ਗਏ ਸੀ।
ਜਾਣਕਾਰੀ ਮੁਤਾਬਕ ਇਕ ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਲਵਲੀ ਲਗਾਤਾਰ ਪੁਲਿਸ ਦੀ ਜਾਂਚ ਤੋਂ ਬਚ ਰਿਹਾ ਸੀ। ਜਦੋਂ ਵੀ ਪੁਲਿਸ ਉਸ ਨੂੰ ਜਾਂਚ ਵਿਚ ਸ਼ਾਮਿਲ ਹੋਣ ਲਈ ਬੁਲਾਉਂਦੀ ਸੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਲੈਂਦਾ ਸੀ। ਅਜਿਹੇ 'ਚ ਪੁਲਿਸ ਨੇ ਸਖ਼ਤੀ ਦਿਖਾਉਂਦੇ ਹੋਏ ਫਰੀਦਾਬਾਦ ਜਾ ਕੇ ਉਸ ਨੂੰ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ।
ਮਾਮਲੇ 'ਚ 6 ਦਸੰਬਰ 2021 ਨੂੰ ਫਰੀਦਾਬਾਦ 'ਚ ਸ਼ਿਕਾਇਤਕਰਤਾ ਨੇ ਲਵਲੀ ਨਾਂ ਦੇ ਵਿਅਕਤੀ ਖਿਲਾਫ਼ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਚੋਰੀ ਦਾ ਮਾਮਲਾ ਦਰਜ ਕਰਵਾਇਆ ਸੀ। ਦੂਜੇ ਪਾਸੇ ਲਵਲੀ ਨੇ ਵੀ ਸ਼ਿਕਾਇਤਕਰਤਾ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਲਵਲੀ ਦੀ ਸ਼ਿਕਾਇਤ ’ਤੇ ਦਰਜ ਕੀਤੇ ਕੇਸ ਵਿਚ ਏਸੀਪੀ ਨੇ ਜਾਂਚ ਦੌਰਾਨ ਉਸ ਨੂੰ ਬੇਕਸੂਰ ਪਾਇਆ ਸੀ। ਅਜਿਹੇ 'ਚ ਲਵਲੀ ਉਸ 'ਤੇ ਦਰਜ ਕੀਤਾ ਗਿਆ ਮਾਮਲਾ ਵਾਪਸ ਲੈਣ ਲਈ ਦਬਾਅ ਪਾ ਰਿਹਾ ਸੀ ਅਤੇ ਸ਼ਿਕਾਇਤਕਰਤਾ 'ਤੇ ਹਮਲਾ ਕਰਵਾ ਰਿਹਾ ਸੀ।
ਖਰੜ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਲਵਲੀ ਬਹੁਤ ਖ਼ਤਰਨਾਕ ਅਪਰਾਧੀ ਹੈ ਅਤੇ ਉਸ ਨੇ ਦਿੱਲੀ ਵਿਚ ਸੰਸਦ ਭਵਨ ਵਿਚ ਧਮਾਕਾ ਕਰਨ ਬਾਰੇ ਪੁਲੀਸ ਨੂੰ ਝੂਠੀ ਸੂਚਨਾ ਵੀ ਦਿੱਤੀ ਹੈ। ਉਸਦੇ ਖਿਲਾਫ਼ 28 ਮਈ 2002 ਨੂੰ ਪੁਲਿਸ ਸਟੇਸ਼ਨ ਪਾਰਲੀਮੈਂਟ ਸਟਰੀਟ, ਨਵੀਂ ਦਿੱਲੀ ਵਿਚ ਆਈਪੀਸੀ ਦੀ ਧਾਰਾ 182 ਅਤੇ 505 ਦੇ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਸੀ। ਕੰਟਰੋਲ ਰੂਮ 'ਚ ਸੂਚਨਾ ਮਿਲਣ 'ਤੇ ਪੁਲਿਸ ਦੀਆਂ ਟੀਮਾਂ ਸੰਸਦ ਭਵਨ ਪਹੁੰਚ ਗਈਆਂ ਅਤੇ ਸਟਾਫ ਨੂੰ ਵੀ ਚੌਕਸ ਕਰ ਦਿੱਤਾ। ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਬਾਅਦ ਵਿੱਚ ਇਹ ਜਾਣਕਾਰੀ ਝੂਠੀ ਪਾਈ ਗਈ।