ਪਠਾਨਕੋਟ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਕੀਤਾ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਪਾਬੰਦੀਸ਼ੁਦਾ ਸਾਈਟ ਤੋਂ ਛੇ ਹੈਵੀ ਟਰੱਕ ਅਤੇ ਤਿੰਨ ਪੋਕਲੇਨ ਮਸ਼ੀਨਾਂ ਕੀਤੀਆਂ ਜ਼ਬਤ

Mining

ਮਾਈਨਿੰਗ ਐਕਟ ਤਹਿਤ ਮੌਕੇ ਤੇ ਹੀ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਪਠਾਨਕੋਟ -  ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਪਠਾਨਕੋਟ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜਾਰੀ ਮੁਹਿੰਮ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ ਮਾਈਨਿੰਗ ਐਕਟ ਤਹਿਤ 08 ਦੋਸ਼ੀਆਂ ਨੂੰ ਪਿੰਡ ਦਤਿਆਲ ਫਿਰੋਜ਼ਾ ਦੀ ਮਨਾਹੀ ਵਾਲੀ ਥਾਂ ਤੋਂ ਗ੍ਰਿਫਤਾਰ ਕਰਕੇ ਛੇ ਭਾਰੀ ਟਰੱਕ ਅਤੇ ਤਿੰਨ ਪੋਕਲੇਨ ਮਸ਼ੀਨਾਂ ਜ਼ਬਤ ਕੀਤੀਆਂ ਹਨ। 

ਇਸ ਜੁਰਮ ਵਿੱਚ ਕਥਿਤ ਸ਼ਮੂਲੀਅਤ ਲਈ ਫੜੇ ਗਏ ਵਿਅਕਤੀਆਂ ਦੀ ਪਛਾਣ ਮਿੰਟੂ ਕੁਮਾਰ (ਪੁੱਤਰ ਜਗਦੀਸ਼ ਰਾਜ ), ਅਜੇ ਕੁਮਾਰ (ਪੁੱਤਰ ਨਾਜ਼ਰ ਮੱਲ), ਗੁਲਸ਼ਨ ਸਿੰਘ (ਪੁੱਤਰ ਕੁਲਦੀਪ ਸਿੰਘ), ਬਲਵਿੰਦਰ ਸਿੰਘ (ਪੁੱਤਰ ਸੁਲੱਖਣ ਸਿੰਘ), ਅਨੀ ਕੁਮਾਰ (ਪੁੱਤਰ ਸੋਮ ਰਾਜ) , ਕੁਲਵੰਤ ਸਿੰਘ (ਸੁਦਾਗਰ ਸਿੰਘ ਪੁੱਤਰ), ਦਰਸ਼ਨ ਸਿੰਘ (ਪ੍ਰੀਤਮ ਦਾਸ ਪੁੱਤਰ), ਧਨੀ ਲਾਲ (ਪੁੱਤਰ ਲਾਲ ਕੁਮਾਰ), ਰੋਹਿਤ ਸਿੰਘ (ਪੁੱਤਰ ਦਲਜੀਤ ਸਿੰਘ) ਅਤੇ ਮੁੱਖ ਦੋਸ਼ੀ  ਸਾਭਾ ਵਜੋਂ ਹੋਈ ਹੈ।  
ਪ੍ਰੈਸ ਮੀਡੀਆ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਨਵੇਂ ਸ਼ਾਮਲ ਹੋਏ ਮਾਈਨਿੰਗ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਾਜਾਇਜ਼ ਖੁਦਾਈ ਨੂੰ ਪੂਰਵ-ਨਿਰਧਾਰਤ ਸਮਾਂ ਸੀਮਾ ਲਈ ਬੰਦ ਕਰਨ ਦਾ ਹੁਕਮ ਦਿੱਤਾ ਸੀ। ਇਹਨਾਂ ਨਿਰਦੇਸ਼ਾ ਤੇ ਅਮਲ ਕਰਦਿਆਂ 24 ਘੰਟੇ ਨਾਜਾਇਜ਼ ਖੁਦਾਈ ਤੇ ਨਜ਼ਰ ਰੱਖਣ ਲਈ ਕਈ ਪਠਾਨਕੋਟ ਪੁਲਿਸ ਟੀਮਾਂ ਨੂੰ ਦਾ ਇਕੱਠ ਨਿਯੁਕਤ ਕੀਤਾ ਗਿਆ ਹੈ। 

ਐਸਐਸਪੀ ਖੱਖ ਨੇ ਅੱਗੇ ਦੱਸਿਆ ਕਿ ਰੇਤ ਅਤੇ ਬਜਰੀ ਨਾਲ ਭਰੇ ਟਰੱਕਾਂ ਵੱਲੋਂ ਮਾਈਨਿੰਗ ਨਾਕਿਆਂ ਤੋਂ ਬਚਨ  ਲਈ ਨਾਜਾਇਜ਼ ਰੂਟ ਲੈਣ ਸਬੰਧੀ ਸ਼ਿਕਾਇਤ ਉਨ੍ਹਾਂ ਦੇ ਧਿਆਨ ਵਿੱਚ ਆਈਆਂ ਸਨ। ਪਠਾਨਕੋਟ ਦੇ ਦਤਿਆਲ ਫਿਰੋਜ਼ਾ ਵਿਖੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀ ਗੁਪਤ ਸੂਚਨਾ ਮਿਲਣ  ਤੇ, ਐਸ.ਐਚ.ਓ ਨਰੋਟ ਜੈਮਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਤੇਜ਼ੀ ਨਾਲ ਘਟਨਾ ਸਥਾਨ ਤੇ ਪਹੁੰਚ ਕੇ 03 ਪੋਕਲੇਨ ਮਸ਼ੀਨਾਂ ਅਤੇ 6 ਹੈਵੀ ਟਰੱਕਾਂ ਨੂੰ ਲੱਦਿਆ ਦੇਖਿਆ।  ਤੁਰੰਤ ਪੁਲਿਸ ਨੇ ਅੱਠ ਡਰਾਈਵਰਾਂ ਨੂੰ ਕਾਬੂ ਕਰ ਲਿਆ ਅਤੇ ਛੇ ਟਰੱਕ ਜ਼ਬਤ ਕਰ ਲਏ।  ਬਦਕਿਸਮਤੀ ਨਾਲ, ਇੱਕ ਡਰਾਈਵਰ ਸੰਘਣੀ ਧੁੰਦ ਵਿੱਚ ਬਚ ਕੇ ਨਿਕਲ ਗਿਆ।

ਸ਼ੁਰੂਆਤੀ ਜਾਂਚ ਵਿੱਚ, ਫੜੇ ਗਏ ਵਿਅਕਤੀਆਂ ਨੇ ਸ਼੍ਰੀ ਸਾਈਂ ਸਟੋਨ ਕਰੱਸ਼ਰ ਦਤਿਆਲ ਅਤੇ ਬਲਰਾਮ ਸਟੋਨ ਕਰਸ਼ਰ ਦਤਿਆਲ ਨਾਲ ਆਪਣੇ ਸਬੰਧਾਂ ਨੂੰ ਕਬੂਲ ਕੀਤਾ ਹੈ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਬਲਰਾਮ ਸਟੋਨ ਕਰੈਸ਼ਰ ਦੇ ਮਾਲਕ "ਸਾਭਾ" ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਇਸ ਗੈਰ-ਕਾਨੂੰਨੀ ਗਤੀਵਿਧੀ ਦਾ "ਕਿੰਗਪਿਨ" ਸੀ, ਪੁਲਿਸ ਟੀਮ ਨੇ ਉਸਦਾ ਕਰੈਸ਼ਰ ਵੀ ਜ਼ਬਤ ਕੀਤਾ ਜਿੱਥੋਂ ਉਹ ਆਪਣੀਆਂ ਸਾਰੀਆਂ ਗੈਰ ਕਾਨੂੰਨੀ ਕਾਰਵਾਈਆਂ ਕਰ ਰਿਹਾ ਸੀ।  .

ਦੋਸ਼ਿਆਂ ਦੇ ਖ਼ਿਲਾਫ਼, ਪੁਲਿਸ ਸਟੇਸ਼ਨ ਨਰੋਟ ਜੈਮਲ ਸਿੰਘ ਵਿਖੇ ਮਾਈਨਿੰਗ ਐਕਟ 1957 ਦੀ ਧਾਰਾ 21(1) ਅਤੇ ਭਾਰਤੀ ਦੰਡਾਵਲੀ ਦੀ ਧਾਰਾ 379 ਦੇ ਤਹਿਤ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਨੰਬਰ 05 ,ਮਿਤੀ 09-01-2023 ਦਰਜ ਕੀਤੀ ਗਈ ਹੈ। ਐਸਐਸਪੀ ਖੱਖ ਨੇ ਜ਼ੋਰ ਦੇ ਕੇ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਅਸਲ ਦੋਸ਼ੀਆਂ ਨੂੰ ਉਨ੍ਹਾਂ ਦੇ ਮਾਤਹਿਤ ਵਿਅਕਤੀਆਂ ਦੀ ਬਜਾਏ ਫੜਨ ਦੇ ਨਿਰਦੇਸ਼ ਦਿੱਤੇ ਗਏ ਹਨ।

ਐਸਐਸਪੀ ਨੇ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਉਹਨਾਂ ਸਥਾਨਾਂ ਦੀ ਸ਼ਨਾਖਤ ਕੀਤੀ ਹੈ ਜਿੱਥੇ ਗੈਰ-ਕਾਨੂੰਨੀ ਖੁਦਾਈ ਹੋ ਰਹੀ ਸੀ ਅਤੇ ਇਹਨਾਂ ਥਾਵਾਂ ਤੇ ਛਾਪੇਮਾਰੀ ਕਰਨ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਸੀ।  ਉਹਨਾਂ ਦੱਸਿਆ ਕਿ ਪਿਛਲੇ ਕੁਝ ਮਹੀਨੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ 14 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਸਨ। ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਜ਼ਿਲੇ ਵਿਚੋਂ ਇਸ ਸਮੱਸਿਆ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਹੋ ਜਾਂਦਾ। ਐਸਐਸਪੀ ਖੱਖ ਨੇ ਕਿਹਾ, “ਪਠਾਨਕੋਟ ਪੁਲਿਸ ਦੀ ਇਹ ਕਾਰਵਾਈ ਉਨ੍ਹਾਂ ਸਾਰਿਆਂ ਲਈ ਇੱਕ ਸਖ਼ਤ ਸੰਦੇਸ਼ ਹੈ ਜੋ ਗੈਰ-ਕਾਨੂੰਨੀ ਮਾਈਨਿੰਗ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੇ ਹਨ”।