ਅਕਾਲੀ ਦਲ ਨਾਲ ਗਠਜੋੜ ਕਰ ਕੇ ਰਾਜਨੀਤਿਕ ਤੌਰ 'ਤੇ ਪਿਆ ਘਾਟਾ - ਅਸ਼ਵਨੀ ਸ਼ਰਮਾ 

ਏਜੰਸੀ

ਖ਼ਬਰਾਂ, ਪੰਜਾਬ

ਹੋਰ ਸਰਕਾਰਾਂ ਨਹੀਂ ਸਿਰਫ਼ ਭਾਜਪਾ ਹੀ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰ ਸਕਦੀ ਹੈ

Ashwani Kumar Sharma

ਸੰਗਰੂਰ - ਅੱਜ ਇੱਥੇ ਪਹੁੰਚੇ ਭਾਜਪਾ ਦੇ ਸੂਬਾ ਪਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਵਿਚ ਪ੍ਰਧਾਨ ਕੋਈ ਵੀ ਬਣੇ ਪਰ ਸਾਰੀ ਪਾਰਟੀ ਇਕਜੁੱਟ ਹੋ ਕੇ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਲੋਕ ਉਹਨਾਂ ਦਾ ਬਹੁਤ ਸਾਥ ਦੇ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਕਾਨੂੰਨ ਅਵਸਥਾ ਨੂੰ ਲੈ ਕੇ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਚੱਲ ਰਿਹਾ ਹੈ ਤੇ ਪੰਜਾਬ ਸਿਰਫ਼ ਉਸ ਰੱਬ ਦੇ ਭਰੋਸੇ ਹੀ ਹੈ। 

ਉਹਨਾਂ ਨੇ ਸਵਾਲ ਕੀਤਾ ਕਿ ਲੁਟੇਰਿਆਂ ਕੋਲ ਹਥਿਆਰ ਕਿਥੋਂ ਆ ਰਹੇ ਹਨ ਤੇ ਲੁਟੇਰੇ ਜਦੋਂ ਪੁਲਿਸ ਵਾਲਿਆਂ ਨੂੰ ਹੀ ਮਾਰ ਰਹੇ ਤੇ ਜੇ ਪੁਲਿਸ ਵਾਲੇ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦਾ ਫਿਰ ਕੀ ਬਣੇਗਾ। ਇਸ ਦੇ ਨਾਲ ਹੀ ਜਦੋਂ ਉਹਨਾਂ ਨੂੰ ਅਕਾਲੀ ਦਲ ਬਾਰੇ ਪੁੱਛਿਆ ਗਿਆ ਕਿ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਭਾਜਪਾ ਨੂੰ ਉਹਨਾਂ ਦੀ ਲੋੜ ਹੈ ਤਾਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਅਕਾਲੀ ਦਲ ਬਾਰੇ ਕੁੱਝ ਵੀ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਅਕਾਲੀ ਦਲ ਨੇ ਅਪਣਾ ਰੁਖ਼ ਖ਼ੁਦ ਅਖ਼ਤਿਆਰ ਕੀਤਾ ਹੈ।

ਉਹਨਾਂ ਨੇ ਸਵਾਲ ਕੀਤਾ ਕਿ ਉਹ ਉਹਨਾਂ ਨੂੰ ਇਕ ਗਠਬੰਧਨ ਦਾ ਨਾਮ ਦੱਸ ਦੇਣ ਜਿਸ ਵਿਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਇਕੋ ਪਾਰਟੀ ਦੇ ਹੋਣ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਕਾਲੀ ਦਲ ਨਾਲ ਗਠਜੋੜ ਹੀ ਪੰਜਾਬ ਦੇ ਭਲੇ ਲਈ ਕੀਤਾ ਸੀ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਨੂੰ ਭਾਜਪਾ ਦੀ ਲੋੜ ਹੈ ਕਿਉਂਕਿ ਪੰਜਾਬ ਵਿਚ ਭਾਜਪਾ ਹੀ ਅਮਨ ਸ਼ਾਂਤੀ ਲਿਆ ਸਕਦੀ ਹੈ।

ਉਹਨਾਂ ਨੇ ਕਿਹਾ ਕਿ ਹੋਰ ਸਰਕਾਰਾਂ ਨਹੀਂ ਸਿਰਫ਼ ਭਾਜਪਾ ਹੀ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰ ਸਕਦੀ ਹੈ। ਉਹਨਾਂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਦੇ ਕੁੱਝ ਲੀਡਰ ਛੁਰਲੀ ਛੱਡਦੇ ਨੇ ਤਾਂ ਕਰ ਕੇ ਉਹਨਾਂ ਨੂੰ ਬਾਰ-ਬਾਰ ਬਿਆਨ ਦੇਣਾ ਪੈਂਦਾ ਹੈ ਨਹੀਂ ਤਾਂ ਉਹ ਇਸ ਬਾਰੇ ਕੁੱਝ ਵੀ ਨਹੀਂ ਬੋਲਣਾ ਚਾਹੁੰਦੇ। 

ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨਾਲ ਜੋ ਗਠਜੋੜ ਸੀ ਉਹ ਸਮਾਜਿਕ ਗਠਜੋੜ ਸੀ ਨਾ ਕਿ ਰਾਜਨੀਤਿਕ ਤੇ ਉਹਨਾਂ ਨਾਲ ਜਿੰਨੀ ਵੀ ਨਿਭੀ ਚੰਗੀ ਨਿਭ ਗਈ ਉਹ ਉਸ ਸਮੇਂ ਦੀ ਮੰਗ ਸੀ ਪਰ ਰਾਜਨੀਤਿਕ ਤੌਰ 'ਤੇ ਤਾਂ ਸਾਨੂੰ ਘਾਟਾ ਹੀ ਮਿਲਿਆ ਹੈ।