ਗੋਇੰਦਵਾਲ ਸਾਹਿਬ ਦੀ ਜੇਲ੍ਹ ਅੰਦਰ ਆਪਸ ਵਿੱਚ ਭਿੜੇ ਕੈਦੀ, ਹਸਪਤਾਲ ਦਾਖ਼ਲ
ਜ਼ਖਮੀ ਹੋਏ ਕੈਦੀਆਂ ਦੇ ਪਿਤਾ ਨੇ ਕਿਹਾ- ਹਮਲਾ ਕਰਨ ਵਾਲਿਆਂ ਦੇ ਲਾਰੈਂਸ ਬਿਸ਼ਨੋਈ ਨਾਲ ਹਨ ਸਬੰਧ
ਗੋਇੰਦਵਾਲ ਸਾਹਿਬ : ਸਥਾਨਕ ਜੇਲ੍ਹ ਵਿੱਚ ਕੈਦੀਆਂ ਦੇ ਆਪਸ ਵਿੱਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਹੋਏ ਕੈਦੀ ਅਮਨ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਅਤੇ ਉਸ ਦੇ ਦੋਸਤ ਉਪਰ ਗੋਇੰਦਵਾਲ ਸਾਹਿਬ ਦੀ ਜੇਲ੍ਹ ਅੰਦਰ ਦੂਸਰੇ ਕੈਦੀਆਂ ਵੱਲੋਂ ਹਮਲਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਇਹ ਹਮਲਾ ਤੇਜ਼ਧਾਰ ਹਥਿਆਰਾਂ ਦੇ ਨਾਲ ਉਨ੍ਹਾਂ ਦੇ ਉੱਤੇ ਕੀਤਾ ਗਿਆ, ਜਿਸ ਵਿੱਚ ਉਹਨਾਂ ਦਾ ਪੁੱਤਰ ਅਮਨ ਅਤੇ ਉਸ ਦਾ ਦੋਸਤ ਗੰਭੀਰ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਹੈ।
ਅਮਨ ਦੇ ਪਿਤਾ ਨੇ ਜੇਲ੍ਹ ਪ੍ਰਸ਼ਾਸ਼ਨ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਜੇਲ੍ਹ ਦਾ ਡਿਪਟੀ ਉਕਤ ਮਾਰਕੁੱਟ ਕਰਨ ਵਾਲੇ ਕੈਦੀਆਂ ਦੇ ਨਾਲ ਰਲਿਆ ਹੋਇਆ ਹੈ ਅਤੇ ਜਾਣ-ਬੁੱਝ ਕੇ ਉਨ੍ਹਾਂ ਦੇ ਬੱਚਿਆਂ ਦੀ ਅੰਦਰ ਕੁੱਟਮਾਰ ਕਰਵਾਈ ਜਾ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੇ ਬੱਚਿਆਂ ਉੱਪਰ ਹਮਲਾ ਕਰਨ ਵਾਲੇ ਕੈਦੀਆਂ ਦੇ ਸਬੰਧ ਗੈਂਗਸਟਰ ਬਿਸ਼ਨੋਈ ਦੇ ਨਾਲ ਹਨ।
ਜ਼ਖਮੀ ਕੈਦੀ ਅਮਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਅਤੇ ਉਸ ਦਾ ਦੋਸਤ 307 ਦੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹਨ। ਜਿਹਨਾਂ ਨਾਲ ਉਹਨਾਂ ਦਾ ਹਮਲਾ ਹੋਇਆ ਸੀ ਉਹ ਬਾਹਰੋਂ ਉਕਤ ਹਮਲਾਵਰ ਕੈਦੀਆਂ ਦੇ ਨਾਲ ਸਬੰਧ ਰੱਖਦੇ ਹਨ ਅਤੇ ਉਹੀ ਜੇਲ੍ਹ ਅੰਦਰ ਕਹਿ ਕੇ ਉਨ੍ਹਾਂ ਦੇ ਬੱਚੇ ਉੱਪਰ ਹਮਲੇ ਕਰਵਾ ਰਹੇ ਹਨ। ਉਸ ਨੇ ਦੱਸਿਆ ਕਿ ਇਸ ਦੇ ਵੇਚਣ ਦਾ ਡਿਪਟੀ ਉਹਨਾਂ ਦੇ ਨਾਲ ਰਲਿਆ ਹੋਇਆ ਹੈ। ਇਸ ਸਬੰਧ ਵਿੱਚ ਜਦ ਪੁਲਿਸ ਜਾਂਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।