ਬ੍ਰਿਗੇਡੀਅਰ (ਸੇਵਾਮੁਕਤ) ਏ.ਜੇ.ਐਸ. ਬਹਿਲ ਦਾ ਦਿਹਾਂਤ
1962, 1965 ਅਤੇ 1971 ਦੀਆਂ ਜੰਗਾਂ ਵਿਚ ਲਿਆ ਸੀ ਹਿੱਸਾ
ਨਵੀਂ ਦਿੱਲੀ: 1962 ਦੀ ਭਾਰਤ-ਚੀਨ ਜੰਗ ’ਚ ਬਹਾਦਰੀ ਨਾਲ ਲੜਨ ਵਾਲੇ ਬ੍ਰਿਗੇਡੀਅਰ (ਸੇਵਾਮੁਕਤ) ਏ.ਜੇ.ਐਸ. ਬਹਿਲ ਦਾ 82 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਸੂਤਰਾਂ ਨੇ ਦਸਿਆ ਕਿ ਅਪ੍ਰੈਲ 1941 ’ਚ ਜਨਮੇ ਬ੍ਰਿਗੇਡੀਅਰ ਬਹਿਲ ਦਾ ਸੋਮਵਾਰ ਨੂੰ ਹਰਿਆਣਾ ਦੇ ਚੰਡੀਮੰਦਰ ਦੇ ਕਮਾਂਡ ਹਸਪਤਾਲ ’ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦਸਿਆ ਕਿ ਉਹ ਉਮਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਸੀ। ਸੂਤਰਾਂ ਨੇ ਦਸਿਆ ਕਿ ਬ੍ਰਿਗੇਡੀਅਰ ਬਹਿਲ ਦਾ ਅੰਤਿਮ ਸੰਸਕਾਰ ਬੁਧਵਾਰ ਨੂੰ ਚੰਡੀਗੜ੍ਹ ’ਚ ਕੀਤਾ ਜਾਵੇਗਾ।
ਬਹਿਲ 1961 ’ਚ ਭਾਰਤੀ ਫੌਜ ’ਚ ਭਰਤੀ ਹੋਏ ਸਨ। ਬ੍ਰਿਗੇਡੀਅਰ ਬਹਿਲ 17 ਪੈਰਾ ਫੀਲਡ ਰੈਜੀਮੈਂਟ ਵਿਚ ਤੋਪਖਾਨੇ ਦੇ ਅਧਿਕਾਰੀ ਸਨ ਅਤੇ ਉਨ੍ਹਾਂ ਨੇ 1962, 1965 ਅਤੇ 1971 ਦੀਆਂ ਜੰਗਾਂ ਵਿਚ ਹਿੱਸਾ ਲਿਆ ਸੀ। ਅਕਤੂਬਰ 1962 ’ਚ ਇਕ ਨੌਜੁਆਨ ਅਧਿਕਾਰੀ ਵਜੋਂ, ਉਹ 7 ਇਨਫੈਂਟਰੀ ਬ੍ਰਿਗੇਡ ਦਾ ਹਿੱਸਾ ਸੀ ਅਤੇ ਨਾਮਕਾ ਚੂ ਵਿਖੇ ਚੀਨੀ ਫੌਜ ਦੇ ਵਿਰੁਧ ਬਹਾਦਰੀ ਨਾਲ ਲੜੇ।
ਸੂਤਰਾਂ ਮੁਤਾਬਕ ਬਹਿਲ ਨੂੰ 1962 ਦੀ ਭਾਰਤ-ਚੀਨ ਜੰਗ ਦੌਰਾਨ ਉਸ ਦੇ ਸਾਥੀਆਂ ਸਮੇਤ ਫੜਿਆ ਗਿਆ ਸੀ। ਸੂਤਰਾਂ ਨੇ ਦਸਿਆ ਕਿ ਅਗਲੇ ਸਾਲ ਉਸ ਨੂੰ ਭਾਰਤ ਵਾਪਸ ਲਿਆਂਦਾ ਗਿਆ ਅਤੇ ਉਹ ਦੁਬਾਰਾ ਯੂਨਿਟ ਵਿਚ ਸ਼ਾਮਲ ਹੋ ਗਏ।
ਜੰਗ ’ਚ ਉਸ ਦੀ ਭੂਮਿਕਾ ਦਾ ਵੇਰਵਾ ਕਿਤਾਬ ‘1962: ਦ ਵਾਰ ਦੈਟ ਵਾਜ਼ ਨੌਟ’ ’ਚ ਦਿਤਾ ਗਿਆ ਹੈ। ਬ੍ਰਿਗੇਡੀਅਰ ਬਹਿਲ ਨੇ ਅਪਣੀ ਸੇਵਾ ਦੌਰਾਨ 1965 ਦੇ ਕੱਛ ਆਪਰੇਸ਼ਨ ਅਤੇ 1971 ਦੀ ਭਾਰਤ-ਪਾਕਿਸਤਾਨ ਜੰਗ ’ਚ ਵੀ ਹਿੱਸਾ ਲਿਆ ਸੀ। ਬਹਿਲ ਅਪ੍ਰੈਲ 1995 ’ਚ ਨੈਸ਼ਨਲ ਕੈਡਿਟ ਕੋਰ (ਐਨਸੀਸੀ), ਜੰਮੂ ਅਤੇ ਕਸ਼ਮੀਰ ਦੇ ਡਿਪਟੀ ਡਾਇਰੈਕਟਰ ਜਨਰਲ ਵਜੋਂ ਸੇਵਾਮੁਕਤ ਹੋਏ ਸਨ।