Punjab News: ਜੇਲ ਵਿਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ; ਰਾਜਸਥਾਨ ਜਾਣ ਦੀ ਵੀ ਤਿਆਰੀ ’ਚ ਸਿੱਟ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਮਾਮਲੇ ਵਿਚ ਅਦਾਲਤ ਵਿਚ 10 ਜਨਵਰੀ ਨੂੰ ਇਕ ਹੋਰ ਸੁਣਵਾਈ ਹੈ।

Lawrence Bishnoi

Punjab News: ਵਿਸ਼ੇਸ਼ ਜਾਂਚ ਟੀਮ (SIT) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ ਵਿਚੋਂ ਇੰਟਰਵਿਊ ਦੇ ਮਾਮਲੇ ਦੀ ਜਾਂਚ ਤੇਜ਼ ਕਰ ਦਿਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਐਸਆਈਟੀ ਜਾਂਚ ਲਈ ਰਾਜਸਥਾਨ ਜਾਣ ਦੀ ਵੀ ਤਿਆਰੀ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਇਹ ਗੈਂਗਸਟਰ ਉਥੋਂ ਦੀ ਜੇਲ ਵਿਚ ਸੀ। ਸੱਭ ਤੋਂ ਪਹਿਲਾਂ ਸਿੱਟ ਨੂੰ ਇਹ ਪਤਾ ਲਗਾਉਣਾ ਹੋਵੇਗਾ ਕਿ ਉਸ ਦੀ ਇੰਟਰਵਿਊ ਕਿਸ ਜੇਲ ਤੋਂ ਹੋਈ ਸੀ। ਇਸ ਸਬੰਧੀ ਜੇਲ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਮਾਮਲੇ ਵਿਚ ਅਦਾਲਤ ਵਿਚ 10 ਜਨਵਰੀ ਨੂੰ ਇਕ ਹੋਰ ਸੁਣਵਾਈ ਹੈ।

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਸਾਲ 2023 ਵਿਚ 14 ਅਤੇ 17 ਮਾਰਚ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਹਾਲਾਂਕਿ ਉਸ ਸਮੇਂ ਪੰਜਾਬ ਪੁਲਿਸ 'ਤੇ ਸਵਾਲ ਖੜ੍ਹੇ ਹੋ ਗਏ ਸਨ। ਫਿਰ ਪੁਲਿਸ ਨੇ ਪ੍ਰੈੱਸ ਕਾਨਫਰੰਸ ਕੀਤੀ। ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਇਹ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਜੇਲ ਵਿਚ ਨਹੀਂ ਲਈ ਗਈ ਸੀ। ਪੁਲਿਸ ਨੇ ਮੁਲਜ਼ਮਾਂ ਦੀਆਂ ਦੋ ਤਸਵੀਰਾਂ ਦਿਖਾਈਆਂ ਸਨ ਅਤੇ ਕਿਹਾ ਸੀ - ਜਦੋਂ ਲਾਰੈਂਸ ਨੂੰ ਬਠਿੰਡਾ ਜੇਲ ਲਿਆਂਦਾ ਗਿਆ ਸੀ ਤਾਂ ਉਸ ਦੇ ਵਾਲ ਕੱਟੇ ਹੋਏ ਸਨ ਅਤੇ ਉਸ ਦੀ ਕੋਈ ਦਾੜ੍ਹੀ ਜਾਂ ਮੁੱਛ ਨਹੀਂ ਸੀ। ਹਾਲਾਂਕਿ, ਫਿਰ ਵੀ ਲਾਰੈਂਸ ਨੇ ਪੁਲਿਸ ਦੀ ਥਿਊਰੀ ਨੂੰ ਗਲਤ ਸਾਬਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਪੰਜਾਬ ਪੁਲਿਸ ਨੇ ਦਲੀਲ ਦਿਤੀ ਹੈ ਕਿ ਲਾਰੈਂਸ ਦੀ ਇੰਟਰਵਿਊ ਪੰਜਾਬ ਵਿਚ ਨਹੀਂ ਕਰਵਾਈ ਗਈ ਸੀ। 8 ਮਾਰਚ, 2023 ਨੂੰ, ਰਾਜਸਥਾਨ ਪੁਲਿਸ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਬਠਿੰਡਾ ਜੇਲ ਲੈ ਆਈ ਸੀ। 9 ਮਾਰਚ ਨੂੰ ਤਲਵੰਡੀ ਸਾਬੋ ਦੀ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਸੀ। ਉਸ ਨੂੰ 10 ਮਾਰਚ ਨੂੰ ਮੁੜ ਬਠਿੰਡਾ ਜੇਲ ਲਿਆਂਦਾ ਗਿਆ, ਜਦਕਿ ਇੰਟਰਵਿਊ 14 ਮਾਰਚ ਨੂੰ ਪ੍ਰਸਾਰਿਤ ਕੀਤੀ ਗਈ। ਮੁਲਜ਼ਮ ਨੂੰ ਬਠਿੰਡਾ ਹਾਈ ਸਕਿਉਰਿਟੀ ਜੇਲ ਵਿਚ ਰੱਖਿਆ ਗਿਆ ਸੀ। ਉਥੇ ਕੱਟੜ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਜਿਥੇ ਇਕ ਬੈਰਕ ਵਿਚ ਇਕ ਕੈਦੀ ਰਹਿੰਦਾ ਹੈ।

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਮਦਦ ਨਾਲ ਉਥੇ ਅਤਿ ਆਧੁਨਿਕ ਉਪਕਰਨ ਲਗਾਏ ਹਨ। ਜਿਥੇ ਫ਼ੋਨ ਬਿਲਕੁਲ ਕੰਮ ਨਹੀਂ ਕਰਦੇ। ਕੈਦੀ 'ਤੇ 24 ਘੰਟੇ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਂਦੀ ਹੈ। ਕੈਦੀਆਂ ਦੀ ਦਿਨ ਵਿਚ ਤਿੰਨ ਤੋਂ ਚਾਰ ਵਾਰ ਜਾਂਚ ਕੀਤੀ ਜਾਂਦੀ ਹੈ। ਰਾਤ ਨੂੰ ਜੇਲ ਦੀਆਂ ਲਾਈਟਾਂ ਬੰਦ ਨਹੀਂ ਹੁੰਦੀਆਂ, ਕੈਦੀਆਂ ਦੀ ਹਰਕਤ 'ਤੇ ਨਜ਼ਰ ਰੱਖੀ ਜਾਂਦੀ ਹੈ। ਜਦਕਿ ਦੂਜੀ ਇੰਟਰਵਿਊ 17 ਤਰੀਕ ਨੂੰ ਹੋਈ।

ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਡਰੱਗ ਤਸਕਰੀ ਨਾਲ ਜੁੜੇ ਇਕ ਮਾਮਲੇ ਵਿਚ ਗੁਜਰਾਤ ਦੀ ਜੇਲ ਵਿਚ ਬੰਦ ਹੈ। ਹੁਣ ਉਹ ਆਉਣ ਵਾਲੇ ਸਮੇਂ 'ਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ 'ਚ ਦਰਜ ਕੇਸਾਂ 'ਚ ਸਰੀਰਕ ਤੌਰ 'ਤੇ ਪੇਸ਼ ਨਹੀਂ ਹੋਵੇਗਾ। ਉਸ ਦੀ ਪੇਸ਼ੀ ਗੁਜਰਾਤ ਦੇ ਅਹਿਮਦਾਬਾਦ ਸਥਿਤ ਕੇਂਦਰੀ ਜੇਲ ਤੋਂ ਆਨਲਾਈਨ ਜਾਂ ਵੀਡੀਉ ਕਾਨਫਰੰਸਿੰਗ ਰਾਹੀਂ ਕਰਵਾਈ ਜਾ ਰਹੀ ਹੈ। ਲਾਰੈਂਸ ਦੀ ਸੁਰੱਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਉਸ 'ਤੇ ਸੀਆਰਪੀਸੀ ਦੀ ਧਾਰਾ 268 ਲਗਾਈ ਹੈ। ਗੁਜਰਾਤ ਪੁਲਿਸ ਨੇ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਦਿਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।