ਬਰਫੀਲੀਆਂ ਹਵਾਵਾਂ ਨੇ ਪੰਜਾਬ ਅਤੇ ਹਰਿਆਣਾ ’ਚ ਸਰਦੀ ਹੋਰ ਵਧਾਈ, ਵੱਧ ਤੋਂ ਵੱਧ ਤਾਪਮਾਨ ’ਚ ਭਾਰੀ ਗਿਰਾਵਟ ਦਰਜ 

ਏਜੰਸੀ

ਖ਼ਬਰਾਂ, ਪੰਜਾਬ

ਠੰਢ ਅਤੇ ਧੁੰਦ ਕਾਰਨ ਲੋਕਾਂ ਨੇ ਰੋਜ਼ਾਨਾ ਸੈਰ ਵੀ ਬੰਦ ਕੀਤੀ

Representative Image.

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ’ਚ ਮੰਗਲਵਾਰ ਨੂੰ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਦਿਨ ’ਚ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਧੁੰਦ ਕਾਰਨ ਸਵੇਰੇ ਕਈ ਥਾਵਾਂ ’ਤੇ  ਦ੍ਰਿਸ਼ਤਾ ਘੱਟ ਰਹੀ, ਜਦਕਿ ਦੁਪਹਿਰ ਤੋਂ ਬਾਅਦ ਠੰਢੀਆਂ ਹਵਾਵਾਂ ਨੇ ਸਰਦੀ ਨੂੰ ਹੋਰ ਵਧਾ ਦਿਤਾ। 

ਪਿਛਲੇ ਕੁੱਝ ਦਿਨਾਂ ਤੋਂ ਦੋਹਾਂ ਸੂਬਿਆਂ ’ਚ ਠੰਢ ਦੀ ਲਹਿਰ ਤੇਜ਼ ਹੋ ਗਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਹੱਦ ਤੋਂ ਹੇਠਾਂ ਰਿਹਾ ਹੈ। ਕੁੱਝ  ਥਾਵਾਂ ’ਤੇ  ਰਾਤ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਰਿਹਾ ਹੈ। 

ਦਿਨ ਦੌਰਾਨ ਬਰਫੀਲੀਆਂ ਠੰਢੀਆਂ ਹਵਾਵਾਂ ਚੱਲਣ ਨਾਲ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 10.5 ਡਿਗਰੀ ਸੈਲਸੀਅਸ ਰਹਿ ਗਿਆ, ਜੋ ਆਮ ਨਾਲੋਂ ਛੇ ਡਿਗਰੀ ਘੱਟ ਹੈ। ਇਥੇ ਘੱਟ ਤੋਂ ਘੱਟ ਤਾਪਮਾਨ 6.7 ਡਿਗਰੀ ਰਿਹਾ। 

ਸਥਾਨਕ ਵਸਨੀਕ ਬਲਦੇਵ ਚੰਦ (75) ਨੇ ਦਸਿਆ ਕਿ ਠੰਢ ਅਤੇ ਧੁੰਦ ਕਾਰਨ ਉਨ੍ਹਾਂ ਨੇ ਰੋਜ਼ਾਨਾ ਸੈਰ ਕਰਨੀ ਬੰਦ ਕਰ ਦਿਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਕਸ਼ਮੀਰ ਦੇ ਸੱਭ ਤੋਂ ਸਖਤ ਸਰਦੀਆਂ ਦੇ ਦੌਰ ‘ਚਿੱਲਾਈ ਕਲਾਂ’ ਬਾਰੇ ਸੁਣਿਆ ਹੈ ਪਰ ਅਜਿਹਾ ਲਗਦਾ ਹੈ ਕਿ ਇੱਥੇ ਠੰਢ ਦਾ ਮੌਜੂਦਾ ਦੌਰ ਵੀ ਘੱਟ ਨਹੀਂ ਹੈ।’’ ਪੰਜਾਬ ਵੀ ਠੰਢ ਦੀ ਲਪੇਟ ’ਚ ਹੈ। 

ਮੌਸਮ ਵਿਭਾਗ ਦੀ ਮੌਸਮ ਰੀਪੋਰਟ ਅਨੁਸਾਰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਸੈਲਸੀਅਸ, ਪਟਿਆਲਾ ’ਚ 11 ਡਿਗਰੀ ਸੈਲਸੀਅਸ, ਪਠਾਨਕੋਟ ’ਚ 11.2 ਡਿਗਰੀ ਸੈਲਸੀਅਸ ਅਤੇ ਬਠਿੰਡਾ ਅਤੇ ਫਰੀਦਕੋਟ ’ਚ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਹਰਿਆਣਾ ਦੇ ਅੰਬਾਲਾ ’ਚ ਵੱਧ ਤੋਂ ਵੱਧ ਤਾਪਮਾਨ 10.4 ਡਿਗਰੀ ਸੈਲਸੀਅਸ, ਹਿਸਾਰ ’ਚ 12 ਡਿਗਰੀ ਸੈਲਸੀਅਸ, ਕਰਨਾਲ ’ਚ 10.6 ਡਿਗਰੀ ਸੈਲਸੀਅਸ, ਰੋਹਤਕ ’ਚ 12.2 ਡਿਗਰੀ ਸੈਲਸੀਅਸ ਅਤੇ ਭਿਵਾਨੀ ’ਚ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।