ਇਟਲੀ ਜਾਂਦਿਆਂ ਬੇਲਾਰੂਸ ਦੇ ਜੰਗਲਾਂ ’ਚ ਗੁਆਚਿਆ ਪੰਜਾਬੀ ਨੌਜਵਾਨ

ਏਜੰਸੀ

ਖ਼ਬਰਾਂ, ਪੰਜਾਬ

ਪਰਿਵਾਰ ਨੂੰ ਪਿਛਲੇ 11 ਮਹੀਨਿਆਂ ਤੋਂ ਨਹੀਂ ਮਿਲੀ ਕੋਈ ਉੱਘ-ਸੁੱਘ

Punjabi youth gets lost in the forests of Belarus while going to Italy

 

Punjabi youth gets lost in the forests of Belarus while going to Italy: ਰੁਜ਼ਗਾਰ ਦੀ ਭਾਲ ਲਈ ਇਟਲੀ ਜਾ ਰਿਹਾ ਘਨੌਲੀ ਦਾ ਨੌਜਵਾਨ ਬੇਲਾਰੂਸ ਦੇ ਜੰਗਲਾਂ ਵਿੱਚ ਗੁਆਚ ਗਿਆ ਹੈ। ਜ਼ਿਲ੍ਹਾ ਰੂਪਨਗਰ ਦੇ ਪਿੰਡ ਦਸਮੇਸ਼ ਨਗਰ ਕਲੋਨੀ ਘਨੌਲੀ ਦੇ 30 ਸਾਲਾ ਨੌਜਵਾਨ ਦੀ ਪਰਿਵਾਰ ਨੂੰ 11 ਮਹੀਨਿਆਂ ਤੋਂ ਕੋਈ ਉੱਘ-ਸੁੱਘ ਨਹੀਂ ਮਿਲੀ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਲੜਕੇ ਦਾ ਜਲਦੀ ਪਤਾ ਲਗਾ ਕੇ ਉਸ ਨੂੰ ਦੇਸ਼ ਵਾਪਸ ਲਿਆਂਦਾ ਜਾਵੇ। ਲਾਪਤਾ ਨੌਜਵਾਨ ਸੁਖਵਿੰਦਰ ਸਿੰਘ ਉਰਫ ਸੁੱਖਾ ਦੇ ਪਿਤਾ ਅਜਮੇਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਜੁਲਾਈ 2022 ਵਿੱਚ ਤੁਰਕੀ ਗਿਆ ਸੀ, ਜਿੱਥੇ ਉਹ ਇੱਕ ਹੋਟਲ ਵਿੱਚ ਨੌਕਰੀ ਕਰਦਾ ਸੀ।

ਪਰਿਵਾਰ ਨੇ ਦੱਸਿਆ ਕਿ ਇਟਲੀ ਰਹਿੰਦਾ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਕੁੱਝ ਸਮਾਂ ਪਹਿਲਾਂ ਉਨ੍ਹਾਂ ਕੋਲ ਆਇਆ ਅਤੇ ਸੁੱਖੇ ਤੇ ਉਸ ਦੇ ਇੱਕ ਹੋਰ ਸਾਥੀ ਨੂੰ ਇਟਲੀ ਆਉਣ ਤੇ ਵਧੀਆ ਕੰਮ ਦਿਵਾਉਣ ਦਾ ਲਾਲਚ ਦਿੱਤਾ। ਪਰਿਵਾਰ ਮੁਤਾਬਕ ਇਸ ਰਿਸ਼ਤੇਦਾਰ ਨੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਇਟਲੀ ਪਹੁੰਚਾਏਗਾ ਤੇ ਪੈਸੇ ਕੰਮ ਹੋਣ ਤੋਂ ਬਾਅਦ ਹੀ ਲਵੇਗਾ। ਉਨ੍ਹਾਂ ਦੱਸਿਆ ਕਿ ਸੁੱਖਾ ਤੇ ਉਸ ਦਾ ਸਾਥੀ ਅਕਾਸ਼ ਉਸ ਦੀਆਂ ਗੱਲਾਂ ਵਿੱਚ ਆ ਕੇ ਤੁਰਕੀ ਵਿੱਚ ਨੌਕਰੀ ਛੱਡ ਕੇ ਏਜੰਟ ਦੇ ਕਹਿਣ ਮੁਤਾਬਕ ਟੂਰਿਸਟ ਵੀਜ਼ੇ ’ਤੇ ਕਿਰਗਿਜ਼ਸਤਾਨ ਚਲੇ ਗਏ।

ਏਜੰਟਾਂ ਨੇ ਉੱਥੇ ਕੁੱਝ ਦਿਨ ਰੋਕਣ ਉਪਰੰਤ ਉਨ੍ਹਾਂ ਤੋਂ ਦੋ ਲੱਖ ਰੁਪਏ ਲੈ ਕੇ ਇਟਲੀ ਦੀ ਥਾਂ ਰੂਸ ਦੀ ਰਾਜਧਾਨੀ ਮਾਸਕੋ ਭੇਜ ਦਿੱਤਾ, ਜਿੱਥੇ ਉਨ੍ਹਾਂ ਨੂੰ ਰਹਿਣ ਲਈ ਦਿੱਤੇ ਕਮਰੇ ਵਿੱਚ 18 ਵਿਅਕਤੀ ਪਹਿਲਾਂ ਹੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਉਥੋਂ ਸਾਰੇ ਨੌਜਵਾਨਾਂ ਨੂੰ ਦੋ ਪਾਕਿਸਤਾਨੀ ਏਜੰਟਾਂ ਨਾਲ ਮਿਲਵਾਇਆ ਗਿਆ ਜਿਨ੍ਹਾਂ ਨੇ ਉਨ੍ਹਾਂ ਦੇ ਪਾਸਪੋਰਟ ਅਤੇ ਢਾਈ-ਢਾਈ ਲੱਖ ਰੁਪਏ ਲੈ ਕੇ ਚਾਰ ਵੱਖੋ-ਵੱਖਰੀਆਂ ਟੈਕਸੀਆਂ ਰਾਹੀਂ ਬੇਲਾਰੂਸ ਦੇ ਜੰਗਲ ਤੱਕ ਪਹੁੰਚਾਇਆ। ਇਨ੍ਹਾਂ ਵਿੱਚੋਂ ਤਿੰਨ ਟੈਕਸੀਆਂ ਵਾਪਸ ਮੁੜ ਗਈਆਂ।

ਸੁਖਵਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਸੁੱਖੇ ਹੋਰਾਂ ਵਾਲੀ ਟੈਕਸੀ ਦਾ ਚਾਲਕ ਉਨ੍ਹਾਂ ਦੇ ਲੜਕੇ ਸਮੇਤ ਪੰਜ ਨੌਜਵਾਨਾਂ ਨੂੰ ਜੰਗਲ ਕੋਲ ਛੱਡ ਕੇ ਫ਼ਰਾਰ ਹੋ ਗਿਆ ਜਿੱਥੇ ਉਨ੍ਹਾਂ ਨੂੰ ਬੇਲਾਰੂਸ ਦੀ ਫੌਜ ਨੇ ਫੜ ਲਿਆ ਅਤੇ ਲਾਤਵੀਆ ਦੇਸ਼ ਦੀ ਸਰਹੱਦ ਟਪਾ ਦਿੱਤਾ। ਲਾਤਵੀਆ ਦੀ ਪੁਲੀਸ ਨੇ ਉਨ੍ਹਾਂ ਨੂੰ ਫੜ ਕੇ ਭਾਰੀ ਤਸੀਹੇ ਦੇਣ ਮਗਰੋਂ ਮੁੜ ਬੇਲਾਰੂਸ ਦੇ ਜੰਗਲ ਵਿੱਚ ਛੱਡ ਦਿੱਤਾ।

ਉਹ ਕਈ ਦਿਨ ਜੰਗਲ ਵਿੱਚ ਭਟਕਦੇ ਰਹੇ। ਇਸ ਦੌਰਾਨ ਉਨ੍ਹਾਂ ਦੇ ਲੜਕੇ ਸੁੱਖੇ ਅਤੇ ਜਲੰਧਰ ਜ਼ਿਲ੍ਹੇ ਦੇ ਗੰਨਾ ਪਿੰਡ ਦੇ 45 ਸਾਲਾ ਵਿਅਕਤੀ ਮਹਿੰਦਰਪਾਲ ਤੋਂ ਤੁਰਿਆ ਨਹੀਂ ਗਿਆ। ਪਾਕਿਸਤਾਨੀ ਏਜੰਟਾਂ ਨੇ ਉਨ੍ਹਾਂ ਨੂੰ ਇਹ ਲਾਰਾ ਲਾ ਕੇ ਵੱਖੋ-ਵੱਖ ਥਾਵਾਂ ’ਤੇ ਪੁਲੀਸ ਚੌਕੀਆਂ ਕੋਲ ਛੱਡ ਦਿੱਤਾ ਕਿ ਪੁਲੀਸ ਉਨ੍ਹਾਂ ਦਾ ਇਲਾਜ ਕਰਵਾ ਕੇ ਭਾਰਤ ਭੇਜ ਦੇਵੇਗੀ। ਉਨ੍ਹਾਂ ਦੱਸਿਆ 11 ਮਹੀਨੇ ਬੀਤਣ ਦੇ ਬਾਵਜੂਦ ਉਨ੍ਹਾਂ ਦਾ ਲੜਕਾ ਘਰ ਨਹੀਂ ਮੁੜਿਆ, ਜਦੋਂਕਿ ਉਸ ਦੇ ਸਾਥੀ ਮਹਿੰਦਰਪਾਲ ਦੀ ਕੁੱਝ ਮਹੀਨਿਆਂ ਬਾਅਦ ਲਾਸ਼ ਵਾਪਸ ਆਈ ਹੈ।