ਪੁੱਤ ਦੀ ਮੌਤ ਮਗਰੋਂ ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਦਾ ਵੱਡਾ ਫ਼ੈਸਲਾ, '75 ਫ਼ੀਸਦ ਜਾਇਦਾਦ ਕਰਨਗੇ ਦਾਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਦਿਨੀਂ ਅਮਰੀਕਾ ਵਿੱਚ ਅਗਨੀਵੇਸ਼ ਅਗਰਵਾਲ ਦੀ ਹੋਈ ਸੀ ਮੌਤ

Vedanta Chairman Anil Agarwal's big decision after son's death, 'will donate 75 percent of assets'

ਨਵੀਂ ਦਿੱਲੀ:  ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਆਪਣੇ ਪੁੱਤਰ ਅਗਨੀਵੇਸ਼ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਸਮਾਜ ਸੇਵਾ ਦੇ ਆਪਣੇ ਪੁਰਾਣੇ ਸੰਕਲਪ ਨੂੰ ਇੱਕ ਵਾਰ ਫਿਰ ਦੁਹਰਾਇਆ ਹੈ। ਅਗਰਵਾਲ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕਮਾਈ ਦਾ 75 ਫੀਸਦੀ ਤੋਂ ਵੱਧ ਹਿੱਸਾ ਸਮਾਜ ਨੂੰ ਦਾਨ ਕਰਨਗੇ, ਤਾਂ ਜੋ ਉਨ੍ਹਾਂ ਦੇ ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕੇ।

 ਅਨਿਲ ਅਗਰਵਾਲ ਦੇ 49 ਸਾਲਾ ਪੁੱਤਰ ਅਗਨੀਵੇਸ਼ ਦੀ ਅਮਰੀਕਾ ਵਿੱਚ ਮੌਤ ਹੋ ਗਈ। ਅਗਨੀਵੇਸ਼ ਇੱਕ ਸਕੀਇੰਗ ਹਾਦਸੇ ਵਿੱਚ ਲੱਗੀਆਂ ਸੱਟਾਂ ਤੋਂ ਉੱਭਰ ਰਹੇ ਸਨ, ਪਰ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ (Cardiac Arrest) ਪੈ ਗਿਆ। ਅਨਿਲ ਅਗਰਵਾਲ ਨੇ ਇਸ ਘਟਨਾ ਨੂੰ ਆਪਣੇ ਜੀਵਨ ਦਾ "ਸਭ ਤੋਂ ਕਾਲਾ ਦਿਨ" ਦੱਸਦਿਆਂ ਕਿਹਾ ਕਿ ਕਿਸੇ ਵੀ ਪਿਤਾ ਲਈ ਆਪਣੇ ਪੁੱਤਰ ਦਾ ਵਿਛੋੜਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ।

 ਅਗਰਵਾਲ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੇ ਅਗਨੀਵੇਸ਼ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੀ ਦੌਲਤ ਦਾ ਵੱਡਾ ਹਿੱਸਾ ਸਮਾਜ ਦੇ ਲੇਖੇ ਲਾਉਣਗੇ। ਇਸ ਲੋਕ ਭਲਾਈ ਵਿਜ਼ਨ ਦੇ ਮੁੱਖ ਉਦੇਸ਼ ਹਨ, ਕੋਈ ਵੀ ਬੱਚਾ ਭੁੱਖਾ ਨਾ ਸੌਂਵੇ, ਕਿਸੇ ਵੀ ਬੱਚੇ ਨੂੰ ਸਿੱਖਿਆ ਤੋਂ ਵਾਂਝਾ ਨਾ ਰੱਖਿਆ ਜਾਵੇ ਤੇ ਹਰ ਔਰਤ ਆਪਣੇ ਪੈਰਾਂ 'ਤੇ ਖੜ੍ਹੀ ਹੋਵੇ ਅਤੇ ਨੌਜਵਾਨਾਂ ਕੋਲ ਸਾਰਥਕ ਰੁਜ਼ਗਾਰ ਹੋਵੇ।