ਅੱਜ ਸਿੱਖਾਂ ਦੀ ਉਹ ਇੱਜ਼ਤ ਨਹੀਂ ਜੋ 1984 ਤੋਂ ਪਹਿਲਾਂ ਹੁੰਦੀ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1984 ਵਿਚ ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਚ ਅਪਣਾ ਸੱਭ ਕੁੱਝ ਗਵਾ ਚੁਕੇ ਰਾਜਿੰਦਰ ਸਿੰਘ ਨੂੰ ਅੱਜ ਇਸ ਗੱਲ ਦਾ ਗ਼ਮ ਹੈ ਕਿ.....

Sikh Genocide 1984

ਅੰਮ੍ਰਿਤਸਰ : 1984 ਵਿਚ ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਚ ਅਪਣਾ ਸੱਭ ਕੁੱਝ ਗਵਾ ਚੁਕੇ ਰਾਜਿੰਦਰ ਸਿੰਘ ਨੂੰ ਅੱਜ ਇਸ ਗੱਲ ਦਾ ਗ਼ਮ ਹੈ ਕਿ ਅੱਜ ਸਿੱਖਾਂ ਦੀ ਉਹ ਇੱਜ਼ਤ ਨਹੀਂ ਰਹੀ ਜੋ 1984 ਤੋਂ ਪਹਿਲਾਂ ਹੁੰਦੀ ਸੀ। ਅੱਜ ਇਥੇ ਗੱਲ ਕਰਦਿਆਂ ਸ. ਰਾਜਿੰਦਰ ਸਿੰਘ ਨੇ ਕਿਹਾ ਕਿ ਅੱਜ ਵੀ ਜਦ ਉਹ ਉੱਤਰ ਪ੍ਰਦੇਸ਼ ਜਾਂਦੇ ਹਨ ਤਾਂ ਉਹ ਸਾਰੇ ਦ੍ਰਿਸ਼ ਅੱਖਾਂ ਅੱਗੇ ਇਕ ਫ਼ਿਲਮ ਵਾਂਗ ਘੁੰਮ ਜਾਂਦੇ ਹਨ ਜੋ 1984 ਵਿਚ ਹੰਢਾਏ ਸਨ। ਉਨ੍ਹਾਂ ਦਸਿਆ ਕਿ 31 ਅਕਤੂਬਰ 1984 ਨੂੰ ਸ਼ਾਮ ਕਰੀਬ 5 ਵਜੇ ਉਹ ਸਾਥੀਆਂ ਨਾਲ ਇੰਦਰਾ ਗਾਂਧੀ ਦੇ ਕਤਲ ਕੀਤੇ ਜਾਣ ਦੇ ਰੋਸ ਵਜੋਂ ਦੁਕਾਨਾਂ ਬੰਦ ਕਰਵਾ ਰਹੇ ਸਨ।

ਰਾਤ ਨੂੰ ਜਦ ਘਰ ਪੁੱਜੇ ਤਾਂ ਪਤਾ ਲਗਾ ਕਿ ਭੜਕੀ ਹੋਈ ਭੀੜ ਨੇ ਰਤਨ ਲਾਲ ਨਗਰ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰਾ ਸਾਹਿਬ ਨੂੰ ਅੱਗ ਲਾ ਦਿਤੀ ਹੈ। ਉਨ੍ਹਾਂ ਕਿਹਾ, ''ਸਾਡੇ ਸਾਹਮਣੇ ਰਹਿੰਦੇ ਸਕਸੈਨਾ ਪ੍ਰਵਾਰ ਨੇ ਸਾਨੂੰ ਰਾਤ ਅਪਣੇ ਘਰ ਪਨਾਹ ਦਿਤੀ। ਸ਼ਰਾਰਤੀ ਲੋਕਾਂ ਨੂੰ ਇਹ ਗੱਲ ਪਤਾ ਲਗੀ ਤਾਂ ਹਜੂਮ ਨੇ ਸਕਸੈਨਾ ਪ੍ਰਵਾਰ ਨੂੰ ਵੀ ਅੱਖਾਂ ਵਿਖਾਉਣੀਆਂ ਸ਼ਰੂ ਕਰ ਦਿਤੀਆਂ। ਕਿਸੇ ਅਣਸੁਖਾਵੀ ਘਟਨਾ ਤੋਂ ਬਚਣ ਲਈ ਸਕਸੈਨਾ ਪ੍ਰਵਾਰ ਨੇ ਸਾਨੂੰ ਵਾਪਸ ਘਰਾਂ ਵਲ ਭੇਜ ਦਿਤਾ। ਰਾਤ ਦਸ ਵਜੇ ਅਸੀ ਅਪਣੇ ਘਰਾਂ ਵਿਚ ਹੀ ਸੀ ਕਿ ਫ਼ੌਜ ਦੇ ਟਰੱਕ ਆ ਗਏ ਜਿਨ੍ਹਾਂ ਵਿਚ ਬਿਠਾ ਕੇ ਸਾਨੂੰ ਸ਼ਹਿਰ ਦੇ ਵੱਖ ਵੱਖ ਥਾਣਿਆਂ ਵਿਚ ਘੁਮਾਇਆ ਗਿਆ।

ਫ਼ੌਜੀ ਗੱਡੀਆਂ ਵਿਚ ਬੈਠੇ ਸਿੱਖਾਂ ਦੀ ਹਾਲਤ ਬੜੀ ਮਾੜੀ ਸੀ, ਕਿਸੇ ਦੀ ਬਾਂਹ ਵਿਚੋਂ ਖ਼ੂਨ ਵਗ ਰਿਹਾ ਸੀ। ਕਿਸੇ ਦੀ ਲੱਤ ਤੇ ਕਿਸੇ ਦੇ ਮੱਥੇ ਵਿਚੋਂ ਖ਼ੂਨ ਵਗਦਾ ਨਜ਼ਰ ਆ ਰਿਹਾ ਸੀ। ਸਿਵਲ ਲਾਈਨ ਥਾਣੇ ਵਿਚ ਸਾਨੂੰ ਵੱਡੇ ਹਾਲ ਕਮਰੇ ਵਿਚ ਰਖਿਆ ਗਿਆ। ਹਰ ਕਮਰੇ ਵਿਚ ਲੋੜ ਤੋਂ ਵੱਧ ਸਿੱਖ ਡੱਕ ਕੇ ਰਖੇ ਹੋਏ ਸਨ। ਰਾਤ ਠੰਢ ਸੀ ਪਰ ਸਾਡੇ ਕੋਲ ਕੋਈ ਕੰਬਲ ਵੀ ਨਹੀਂ ਸੀ। ਰਾਤ ਭਰ ਭੁੱਖਣ ਭਾਣੇ ਰਹੇ। ਬੱਚੇ ਭੁੱਖ ਨਾਲ ਵਿਲਕ ਰਹੇ ਸਨ ਪਰ ਕਿਸੇ ਵੀ ਪੁਲਿਸ ਵਾਲੇ ਦਾ ਦਿਲ ਨਹੀਂ ਪਸੀਜਿਆ। ਅਗਲੇ ਦਿਨ ਦੁਪਿਹਰ ਨੂੰ ਲਾਇਨਸ ਕਲੱਬ ਕਾਨਪੁਰ ਨੇ ਸਾਨੂੰ 2-2 ਪੂੜੀਆਂ ਦਿਤੀਆਂ ਜਿਸ ਨਾਲ ਸਾਨੂੰ ਕੁੱਝ ਆਸਰਾ ਹੋਇਆ।

ਲਾਇਨਸ ਕਲੱਬ, ਸਥਾਨਕ ਮੁਸਲਿਮ ਭਰਾਵਾਂ ਅਤੇ ਹਿੰਦੂ ਵੀਰਾਂ ਨੇ ਸਾਨੂੰ ਪੁਰਾਣੇ ਕਪੜੇ ਦਿਤੇ। 7 ਦਿਨ ਇਸ ਹਾਲਤ ਵਿਚ ਰਹਿਣ ਤੋਂ ਬਾਅਦ ਸਾਨੂੰ ਸਥਾਨਕ ਸਿੱਖ ਭਰਾ ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰਾ ਸਰਵੋਦਯ ਨਗਰ ਲੈ ਗਏ। ਉਥੇ ਧਨਾਢ ਸਿੱਖਾਂ ਦੇ ਘਰਾਂ ਵਿਚ ਸਾਨੂੰ ਰਖਿਆ ਗਿਆ।'' ਉਨ੍ਹਾਂ ਦਸਿਆ ਕਿ ਇਕ ਹਜੂਮ ਚਲ ਰਿਹਾ ਸੀ ਜੋ ਨਾਹਰੇਬਾਜ਼ੀ ਕਰ ਰਿਹਾ ਸੀ। ਇਕ ਸਥਾਨਕ ਵਿਧਾਇਕ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ, ''ਦੁੱਖ ਇਹ ਹੈ ਕਿ ਅਸੀ ਸੋਚਿਆ ਕਿ ਪੰਜਾਬ ਜਾਵਾਂਗੇ ਤਾਂ ਸਾਡੇ ਭਰਾ ਸਾਨੂੰ ਹੱਥਾਂ 'ਤੇ ਚੁਕ ਲੈਣਗੇ

ਪਰ ਪੰਜਾਬ ਵਾਲਿਆਂ ਨੇ ਵੀ ਸਾਡੇ ਨਾਲ ਅਪਣਿਆਂ ਵਾਲਾ ਸਲੂਕ ਨਹੀਂ ਕੀਤਾ।'' ਸ. ਰਾਜਿੰਦਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਲੋਂ ਸਿਟ ਬਣਾਏ ਜਾਣਾ ਸ਼ਲਾਘਾਯੋਗ ਕੰਮ ਹੈ। ਹੁਣ ਸੱਜਣ ਕੁਮਾਰ ਦੀ ਤਰਜ 'ਤੇ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ।