ਢੀਂਡਸਾ ਦਾ 'ਸਿਆਸੀ ਵਾਰ' : ਸੁਖਬੀਰ ਦੇ 'ਕੁਰਸੀ ਮੋਹ' ਨੇ ਹੀ ਬਿਠਾਇਐ ਪਾਰਟੀ ਦਾ 'ਭੱਠਾ'!

ਏਜੰਸੀ

ਖ਼ਬਰਾਂ, ਪੰਜਾਬ

ਪਾਰਟੀ ਨੂੰ ਕੁਰਸੀ ਤੋਂ ਕੁਰਬਾਨ ਕਰਨ ਦੇ ਲਾਏ ਦੋਸ਼

file photo

ਲਹਿਰਾਗਾਗਾ :  ਹਲਕਾ ਸੰਗਰੂਰ ਦਾ ਸਿੱਖ ਸਿਆਸਤ ਵਿਚ ਅਹਿਮ ਸਥਾਨ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਸ ਹਲਕੇ ਅੰਦਰ ਢੀਂਡਸਾ ਪਰਵਾਰ ਦੀ ਸਰਦਾਰੀ ਅਜੇ ਵੀ ਕਾਇਮ ਹੈ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅੰਦਰਲੀ ਖ਼ਾਨਾਜੰਗੀ ਕਾਰਨ ਇਸ ਹਲਕੇ ਦੀ ਫਿਜ਼ਾ ਵੀ 'ਸਿਆਸੀ ਢਾਹ-ਭੰਨ' ਵਿਚ ਤਬਦੀਲ ਹੁੰਦੀ ਜਾ ਰਹੀ ਹੈ। ਪਹਿਲਾਂ ਪੰਜਾਬ ਸਰਕਾਰ ਨੂੰ ਘੇਰਨ ਦੇ ਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਵਿਖੇ ਰੈਲੀ ਰੱਖੀ ਗਈ ਸੀ ਜਿਸ ਨੂੰ ਐਨ ਮੌਕੇ 'ਤੇ  ਸ਼੍ਰੋਮਣੀ ਅਕਾਲੀ ਦਲ ਬਨਾਮ ਢੀਂਡਸਾ ਪਰਵਾਰ 'ਚ ਤਬਦੀਲ ਕਰ ਦਿਤਾ ਗਿਆ। ਇਸੇ ਰੈਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਢੀਂਡਸਾ ਪਰਵਾਰ ਨੂੰ ਬਾਹਰ ਦਾ ਰਸਤਾ ਵਿਖਾਇਆ।

ਹੁਣ ਢੀਂਡਸਾ ਪਰਵਾਰ ਵਲੋਂ ਵੀ ਅਕਾਲੀ ਦਲ ਨੂੰ ਢੁਕਵਾਂ ਜਵਾਬ ਦੇਣ ਖ਼ਾਤਰ ਸੰਗਰੂਰ ਵਿਖੇ ਰੈਲੀ ਦਾ ਐਲਾਨ ਕਰ ਦਿਤਾ ਗਿਆ ਹੈ। 23 ਫ਼ਰਵਰੀ ਨੂੰ ਹੋਣ ਜਾ ਰਹੀ ਇਸ ਰੈਲੀ ਲਈ ਢੀਂਡਸਾ ਪਰਵਾਰ ਵਲੋਂ ਪਿੰਡਾਂ 'ਚ ਲਾਮਬੰਦੀ ਆਰੰਭੀ ਗਈ ਹੈ। ਰੈਲੀ ਦੀਆਂ ਤਿਆਰੀਆਂ ਲਈ ਪਿੰਡਾਂ ਦੇ ਦੌਰੇ 'ਤੇ ਪਹੁੰਚੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਵੱਡੇ ਸ਼ਬਦੀ ਹਮਲੇ ਬੋਲਦਿਆਂ ਖ਼ੂਬ ਰਗੜੇ ਲਾਏ ਹਨ।

ਉਨ੍ਹਾਂ ਕਿਹਾ ਕਿ ਪਾਰਟੀ ਦੀ ਪ੍ਰਧਾਨਗੀ 'ਤੇ ਕਬਜ਼ਾ ਜਮਾਈ ਬੈਠੇ ਸੁਖਬੀਰ ਬਾਦਲ ਨੇ ਕੇਂਦਰ 'ਚ ਅਪਣੇ ਪਰਵਾਰ ਦੀ ਕੁਰਸੀ 'ਤੇ ਪਾਰਟੀ ਨੂੰ ਕੁਰਬਾਨ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਇਸ ਕਦਮ ਨੇ ਪਾਰਟੀ ਦਾ ਭੱਠਾ ਬਿਠਾ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰੰ ਸਿਧਾਂਤਕ ਲੀਂਹਾਂ 'ਤੇ ਲਿਆਉਣ ਦੀ ਲੜਾਈ ਨੂੰ ਜਾਰੀ ਰੱਖਣ ਦਾ ਅਹਿਦ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸੰਗਰੂਰ ਰੈਲੀ ਕਾਂਗਰਸ ਸਰਕਾਰ ਨੂੰ ਘੇਰਣ ਦੇ ਐਲਾਨ ਤਹਿਤ ਕੀਤੀ ਗਈ ਸੀ। ਪਰ ਸਰਕਾਰ ਦਾ ਵਿਰੋਧ ਕਰਨ ਦੇ ਨਾਂ 'ਤੇ ਇਕੱਠ ਕਰ ਕੇ ਐਨ ਮੌਕੇ 'ਤੇ ਇਸ ਨੂੰ ਢੀਂਡਸਾ ਪਰਿਵਾਰ ਖਿਲਾਫ਼ ਵਰਤਿਆ ਗਿਆ ਹੈ।

ਸੁਖਬੀਰ ਬਾਦਲ ਨੂੰ ਸਿੱਧੀ ਚੁਨੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਵਿਚ ਹਿੰਮਤ ਹੈ ਤਾਂ ਉਹ ਸੰਗਰੂਰ ਵਿਖੇ ਢੀਂਡਸਾ ਪਰਵਾਰ ਖਿਲਾਫ਼ ਰੈਲੀ ਕਰ ਕੇ ਵਿਖਾਉਣ, ਉਨ੍ਹਾਂ ਨੂੰ ਖੁਦ ਪਤਾ ਲੱਗ ਜਾਵੇਗਾ ਕਿ ਲੋਕ ਕਿਸ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਜਾਂ ਪਾਰਟੀ ਦਾ ਭਲਾ ਕਰ ਕੇ ਖ਼ੁਸ਼ ਨਹੀਂ ਹੁੰਦੇ ਬਲਕਿ ਹੋਰਨਾਂ 'ਤੇ ਝੂਠੇ ਦੋਸ਼ ਲਗਾ ਕੇ ਖ਼ੁਸ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੁੱਝ ਅਖੌਤੀ ਆਗੂ ਵੀ ਸੁਖਬੀਰ ਬਾਦਲ ਨੂੰ ਖ਼ੁਸ਼ ਕਰਨ ਲਈ ਢੀਂਡਸਾ ਪਰਵਾਰ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਤਾਨਾਸ਼ਾਹੀ ਰਵੱਈਏ ਖਿਲਾਫ਼ 23 ਫ਼ਰਵਰੀ ਨੂੰ ਸੰਗਰੂਰ ਵਿਖੇ ਰੱਖੀ ਗਈ ਜ਼ਿਲ੍ਹਾ ਪੱਧਰੀ ਰੈਲੀ ਦੌਰਾਨ ਅਗਲੇ ਕਦਮਾਂ ਦੀ ਰੂਪ-ਰੇਖਾ ਤਹਿ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਪ੍ਰਧਾਨ ਦੀ ਥਾਂ ਪਾਰਟੀ ਦੇ ਸੇਵਾਦਾਰ ਵਜੋਂ ਵਿਚਰਨ ਦੀ ਸੂਰਤ ਵਿਚ ਪਾਰਟੀ ਨੂੰ ਮੁੜ ਸਿਧਾਂਤਕ ਲੀਂਹਾਂ 'ਤੇ ਲਿਆਉਣ ਸਬੰਧੀ ਸਮਝੌਤੇ ਬਾਰੇ ਸੋਚਿਆ ਜਾ ਸਕਦਾ ਹੈ।