ਅਨਿਲ ਵਿਜ ਦੇ ਭਰਾ ਦੀ ਸ਼ਿਕਾਇਤ ’ਤੇ ਡੀ.ਆਈ.ਜੀ. ਵਿਰੁਧ ਮਾਮਲਾ ਦਰਜ
ਅਨਿਲ ਵਿਜ ਦੇ ਭਰਾ ਦੀ ਸ਼ਿਕਾਇਤ ’ਤੇ ਡੀ.ਆਈ.ਜੀ. ਵਿਰੁਧ ਮਾਮਲਾ ਦਰਜ
ਹਰਿਆਣਾ, 8 ਫ਼ਰਵਰੀ: ਹਰਿਆਣਾ ਪੁਲਿਸ ਨੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਭਰਾ ਕਪਿਲ ਵਿਜ ਦੀ ਸ਼ਿਕਾਇਤ ’ਤੇ ਡੀ.ਆਈ.ਜੀ (ਵਿਜੀਲੈਂਸ) ਅਸ਼ੋਕ ਕੁਮਾਰ ਵਿਰੁਧ ਹਮਲਾ ਕਰਨ, ਧਮਕੀ ਦੇਣ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਸੋਮਵਾਰ ਨੂੰ ਦਸਿਆ ਕਿ ਕਪਿਲ ਵਿਜ ਐਤਵਾਰ ਦੁਪਹਿਰ ਨੂੰ ਅਪਣੇ ਦੋਸਤ ਦੇ ਪੋਤੇ ਦੀ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਅੰਬਾਲਾ ਛਾਉਣੀ ਵਿਚ ਸਰਹਿੰਦ ਕਲੱਬ ਗਏ ਸੀ, ਜਿਥੇ ਡੀਆਈਜੀ ਵੀ ਮੌਜੂਦ ਸੀ। ਪੁਲਿਸ ਸੂਤਰਾਂ ਨੇ ਦਸਿਆ ਕਿ ਇਸ ਸਮੇਂ ਦੌਰਾਨ ਕਪਿਲ ਵਿਜ ਅਤੇ ਡੀਆਈਜੀ ਵਿਚਕਾਰ ਕਿਸੇ ਮੁੱਦੇ ਨੂੰ ਲੈ ਕੇ ਤਿੱਖੀ ਬਹਿਸ ਹੋਈ। ਕੁਝ ਲੋਕਾਂ ਦੇ ਦਖ਼ਲ ਨਾਲ ਮਾਮਲਾ ਸੁਲਝ ਗਿਆ। ਹਾਲਾਂਕਿ ਬਾਅਦ ਵਿਚ ਸ਼ਾਮ ਨੂੰ ਵਿਜ ਨੇ ਡੀਆਈਜੀ ਵਿਰੁਧ ਅੰਬਾਲਾ ਛਾਉਣੀ ਸਦਰ ਥਾਣੇ ਵਿਚ ਸ਼ਿਕਾਇਤ ਦਿਤੀ।
ਐਫ਼ਆਈਆਰ ਅਨੁਸਾਰ ਵਿਜ ਨੇ ਦੋਸ਼ ਲਾਇਆ ਕਿ ਉਹ ਵਿਅਕਤੀ, ਜਿਸ ਬਾਰੇ ਉਸ ਨੂੰ ਬਾਅਦ ਵਿਚ ਪਤਾ ਲੱਗਿਆ ਕਿ ਉਹ ਇਕ ਡੀਆਈਜੀ ਸੀ, ਉਸ ਕੋਲ ਆਇਆ ਅਤੇ ਕਥਿਤ ਤੌਰ ’ਤੇ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਬਿਨਾਂ ਕਾਰਨ ਖਾਣਾ ਖਾਣ ਵੇਲੇ ਬਦਸਲੂਕੀ ਕਰਨੀ ਸ਼ੁਰੂ ਕਰ ਦਿਤੀ।
ਵਿਜ ਨੇ ਕਿਹਾ ਕਿ ਵਾਪਸ ਪਰਤਦਿਆਂ ਸੀਨੀਅਰ ਪੁਲਿਸ ਅਧਿਕਾਰੀ ਨੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿਤੀ ਅਤੇ ਕਿਹਾ ਕਿ ਉਹ ਅੰਬਾਲਾ ਦਾ ਵਿਜੀਲੈਂਸ ਡੀਆਈਜੀ ਹੈ ਅਤੇ ਕੋਈ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ।
ਪੁਲਿਸ ਸੂਤਰਾਂ ਅਨੁਸਾਰ ਸ਼ਿਕਾਇਤ ਮਿਲਣ ਤੋਂ ਬਾਅਦ ਅੰਬਾਲਾ ਦੇ ਐਸਪੀ ਹਾਮਿਦ ਅਖਤਰ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਰਾਤ 10 ਵਜੇ ਅੰਬਾਲਾ ਸਦਰ ਥਾਣੇ ਪਹੁੰਚੇ ਅਤੇ ਡੀਆਈਜੀ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 323, 506 ਅਤੇ 294 ਦੇ ਤਹਿਤ ਕੇਸ ਦਰਜ ਕੀਤਾ।
ਅੰਬਾਲਾ ਸਦਰ ਥਾਣੇ ਦੇ ਐਸਐਚਓ ਵਿਨੈ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਐਤਵਾਰ ਸ਼ਾਮ ਨੂੰ ਇਕ ਸ਼ਿਕਾਇਤ ਮਿਲੀ ਸੀ। ਐਸਐਚਓ ਨੇ ਕਿਹਾ ਕਿ ਅਸ਼ੋਕ ਕੁਮਾਰ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 323, 506 ਅਤੇ 294 ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਜਾਰੀ ਹੈ। ਇਸ ਬਾਬਤ ਡੀਆਈਜੀ ਦਾ ਪੱਖ ਜਾਣਨ ਲਈ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫ਼ੋੋਨ ਨਹੀਂ ਚੁੱਕਿਆ। (ਏਜੰਸੀ)
---