ਹਰੀਸ਼ ਰਾਵਤ ਦਾ ਪੰਜਾਬ ਦੌਰਾ ਭਲਕੇ ਲੁਧਿਆਣਾ ਤੋਂ

ਏਜੰਸੀ

ਖ਼ਬਰਾਂ, ਪੰਜਾਬ

ਹਰੀਸ਼ ਰਾਵਤ ਦਾ ਪੰਜਾਬ ਦੌਰਾ ਭਲਕੇ ਲੁਧਿਆਣਾ ਤੋਂ

image

ਚੰਡੀਗੜ੍ਹ, 8 ਫ਼ਰਵਰੀ (ਜੀ.ਸੀ.ਭਾਰਦਵਾਜ): ਪੰਜਾਬ ਲਈ ਕਾਂਗਰਸ ਪਾਰਟੀ ਮਾਮਲਿਆਂ ਦੇ ਥਾਪੇ ਗਏ ਇੰਚਾਰਜ ਅਤੇ ਸੀਨੀਅਰ ਨੇਤਾ ਹਰੀਸ਼ ਰਾਵਤ ਹੁਣ ਅਪਣੇ 6ਵੇਂ ਦੌਰੇ ’ਤੇ ਬੁਧਵਾਰ ਨੂੰ ਸਿੱਧਾ ਲੁਧਿਆਣਾ ਪਹੁੰਚ ਰਹੇ ਹਨ। ਹਰੀਸ਼ ਰਾਵਤ ਦਾ ਇਹ 8 ਫ਼ਰਵਰੀ ਤੋਂ ਸ਼ੁਰੂ ਹੋਣ ਵਾਲਾ ਚੋਣ ਪ੍ਰਚਾਰ ਦਾ ਦੌਰਾ ਉਤਰਾਖੰਡ ਵਿਚ ਬੀਤੇ ਦਿਨ ਗਲੇਸ਼ੀਅਰ ਦੇ ਫਟਣ ਨਾਲ ਆਏ ਹੜ੍ਹਾਂ ਤੋਂ ਮਚਾਈ ਤਬਾਹੀ ਕਾਰਨ ਦੋ ਦਿਨ ਅੱਗੇ ਪਾਉਣਾ ਪਿਆ।
ਦੇਹਰਾਦੂਨ ਤੋਂ ਫ਼ੋਨ ’ਤੇ ਕੀਤੀ ਗੱਲਬਾਤ ਦੌਰਾਨ ਹਰੀਸ਼ ਰਾਵਤ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 10 ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਇਸ ਦੌਰੇ ਦੌਰਾਨ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਲਈ ਉਹ ਕਾਂਗਰਸ ਦੇ ਹੱਕ ਵਿਚ ਨਾ ਸਿਰਫ਼ ਪ੍ਰਚਾਰ ਕਰਨਗੇ ਬਲਕਿ ਪਾਰਟੀ ਉਮੀਦਵਾਰਾਂ ਅਤੇ ਹੋਰ ਸਿਰਕੱਢ ਨੇਤਾਵਾਂ ਨਾਲ ਮੁਲਾਕਾਤ ਰਾਹੀਂ ਗੱਲਬਾਤ ਕਰ ਕੇ ਕਈ ਅੰਦਰੂਨੀ ਗਿਲੇ ਸ਼ਿਕਵੇ ਦੂਰ ਕਰਨਗੇ। ਉਨ੍ਹਾਂ ਦਸਿਆ ਕਿ ਇਨ੍ਹਾਂ 3 ਦਿਨਾਂ ਵਿਚ ਉਹ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਇਕ ਦੋ ਹੋਰ ਥਾਵਾਂ ਤੋਂ ਬਿਨਾਂ ਪ੍ਰਚਾਰ ਦੇ ਆਖ਼ਰੀ ਦਿਨ ਮੋਹਾਲੀ ਵਿਚ ਇਕ ਬੈਠਕ ਨੂੰ ਸੰਬੋਧਨ ਕਰਨਗੇ ਤੇ ਪਾਰਟੀ ਲੀਡਰਾਂ ਤੇ ਵਰਕਰਾਂ ਦਾ ਹੌਂਸਲਾ ਵਧਾਉਣਗੇ।
ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਵਜ਼ਾਰਤ ਵਿਚ ਵਾਪਸੀ ਬਾਰੇ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਹਰੀਸ਼ ਰਾਵਤ ਨੇ ਇਸ਼ਾਰਾ ਕੀਤਾ ਕਿ 6 ਮਹੀਨੇ ਪਹਿਲਾਂ ਸਤੰਬਰ ਵਿਚ ਸਾਬਕਾ ਇੰਚਾਰਜ ਆਸ਼ਾ ਕੁਮਾਰੀ ਤੋਂ ਬਾਅਦ ਨਿਯੁਕਤੀ ਮਗਰੋਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨਾਲ ਗੰਭੀਰ ਵਿਚਾਰ ਚਰਚਾ ਕਰ ਕੇ ਦੋਵਾਂ ਵਿਚ ਮਨ ਮੁਟਾਵ ਦੂਰ ਕਰ ਦਿਤਾ ਸੀ ਅਤੇ 2 ਮਹੀਨੇ ਪਹਿਲਾਂ ਸਿੱਧੂ ਖ਼ੁਦ, ਮੁੱਖ ਮੰਤਰੀ ਨੂੰ ਮਿਲ ਆਇਆ ਸੀ, ਹੁਣ ਵਜ਼ਾਰਤ ਵਿਚ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।  ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨੀ ਅੰਦੋਲਨ ਕਾਰਨ ਇਹ ਮੁੱਦਾ ਕੁੱਝ ਲਟਕ ਗਿਆ ਸੀ। 
ਦੂਜੇ ਪਾਸੇ ਰੋਜ਼ਾਨਾ ਸਪੋਕਸਮੈਨ ਵਲੋਂ ਪ੍ਰਧਾਨ ਸਮੇਤ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੁਣ ਛੇਤੀ ਹੋਣ ਵਾਲਾ ਹੈ ਅਤੇ ਇਸ ਲੰਮੇ ਇਜਲਾਸ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨੂੰ ਉਸ ਦਾ ਬਣਦਾ ਅਧਿਕਾਰ ਮਾਣ ਸਨਮਾਨ ਜਾਂ ਵਜ਼ਾਰਤ ਵਿਚ ਵੱਡਾ ਮਹਿਕਮਾ ਅਪ੍ਰੈਲ ਵਿਚ ਦੇ ਕੇ ਨਿਵਾਜਿਆ ਜਾਵੇਗਾ। ਇਹ ਕਾਂਗਰਸੀ ਨੇਤਾ ਇਹ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਵਜ਼ਾਰਤ ਵਿਚੋਂ ਢਾਈ ਸਾਲ ਪਹਿਲਾਂ ਬਾਹਰ ਜਾਣ ਲਈ ਮਜਬੂਰ ਕੀਤਾ ਗਿਆ ਸੀ ਪਰ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਨੂੰ ਖੁਲ੍ਹਾ ਛੱਡਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਇਹ ਵੀ ਕੰਨਸੋਆਂ ਤੇ ਚਰਚਾ ਨਾਲ ਕਾਂਗਰਸ ਤੇ ਇਸ ਤੋਂ ਬਾਹਰ ਅੰਦਰਖਾਤੇ ਅੰਮ੍ਰਿਤਸਰ ਤੇ ਪਟਿਆਲੇ ਵਿਚ ਨਵਜੋਤ ਸਿੰਘ ਸਿੱਧੂ ਦੇ ਆਪ ਬੀਜੇਪੀ ਵਿਚ ਜਾਣ ਦੀਆਂ ਅਫ਼ਵਾਹਾਂ ਦਾ ਦੌਰ ਗਰਮ ਹੈ। 
ਕਾਂਗਰਸ ਹਾਈ ਕਮਾਂਡ ਉਸ ਨੂੰ ਪਹਿਲਾਂ ਬੰਗਾਲ ਵਿਚ ਵਿਧਾਨ ਸਭਾ ਚੋਣ ਪ੍ਰਚਾਰ ਲਈ ਵੀ ਵਰਤਣ ਦੇ ਮੂਡ ਵਿਚ ਹੈ ਜਿਸ ਕਾਰਨ ਸਿੱਧੂ ਨੂੰ ਪੰਜਾਬ ਵਿਚ ਕੈਬਨਿਟ ਰੈਂਕ ਦੇਣਾ, ਮਈ ਤੋਂ ਪਹਿਲਾਂ-ਪਹਿਲਾਂ ਜ਼ਰੂੁਰੀ ਤੇ ਵਾਜਬ ਹੈ।
ਫ਼ੋਟੋ: ਹਰੀਸ਼ ਰਾਵਤ


ਮਿਉਂਸਪਲ ਚੋਣਾਂ ਦੇ ਪ੍ਰਚਾਰ ਲਈ ਪੂਰੇ ਤਿੰਨ ਦਿਨ ਰੱਖੇ