ਭਾਰਤ ਨੂੰ ਆਖ਼ਰੀ ਦਿਨ ਜਿੱਤ ਲਈ 381 ਦੌੜਾਂ ਜਦੋਂਕਿ ਇੰਗਲੈਂਡ ਨੂੰ 9 ਵਿਕਟਾਂ ਦਰਕਾਰ
ਚੇਨੰਈ, 8 ਫ਼ਰਵਰੀ : ਆਫ਼ ਸਪਿਨਰ ਰਵਿਚੰਦਰਨ ਅਸ਼ਵਿਨ ਦੀਆਂ ਛੇ ਵਿਕਟਾਂ ਦੀ ਬਦੌਲਤ ਇੰਗਲੈਂਡ ਨੂੰ ਦੂਜੀ ਪਾਰੀ ਵਿਚ 178 ਦੌੜਾਂ ’ਤੇ ਆਊਟ ਕਰਨ ਦੇ ਬਾਵਜੂਦ ਭਾਰਤ 420 ਦੌੜਾਂ ਦੇ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਦੂਜੀ ਪਾਰੀ ਵਿਚ ਇਕ ਵਿਕਟ ਦੇ ਨੁਕਸਾਨ ’ਤੇ 39 ਦੌੜਾਂ ਬਣਾ ਕੇ ਮੁਸ਼ਕਲ ਵਿਚ ਹੈ। ਦਿਨ ਦੀ ਖੇਡ ਖ਼ਤਮ ਹੋਣ ’ਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 15 ਦੌੜਾਂ, ਜਦੋਂਕਿ ਚੇਤੇਸ਼ਰ ਪੁਜਾਰਾ 12 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਨੂੰ ਆਖ਼ਰੀ ਦਿਨ ਜਿੱਤ ਲਈ 381 ਦੌੜਾਂ ਜਦੋਂਕਿ ਇੰਗਲੈਂਡ ਨੂੰ 9 ਵਿਕਟਾਂ ਦੀ ਦਰਕਾਰ ਹੈ। ਟੁੱਟਦੀ ਪਿੱਚ ’ਤੇ 90 ਓਵਰਾਂ ਵਿਚ ਇਨੀਆਂ ਦੌੜਾਂ ਬਣਾ ਪਾਉਣਾ ਬੇਹਦ ਮੁਸ਼ਕਲ ਹੋਵੇਗਾ ਇਸ ਲਈ ਜੇਕਰ ਮੈਚ ਡਰਾਅ ਵੀ ਹੁੰਦਾ ਹੈ ਤਾਂ ਇਹ ਮੇਜ਼ਬਾਨ ਟੀਮ ਲਈ ਚੰਗਾ ਨਤੀਜਾ ਹੋਵੇਗਾ। ਅਸ਼ਵਿਨ (61 ਦੌੜਾਂ ’ਤੇ 6 ਵਿਕਟਾਂ) ਦੀ ਅਗਵਾਈ ਵਿਚ ਭਾਰਤ ਨੇ ਲਗਾਤਾਰ ਅੰਤਰਾਲ ’ਤੇ ਵਿਕਟਾਂ ਸੁੱਟੀਆਂ, ਜਿਸ ਨਾਲ ਇੰਗਲੈਂਡ ਦੀ ਦੂਜੀ ਪਾਰੀ 46.3 ਓਵਰਾਂ ਵਿਚ ਕੱਠੀ ਹੋ ਗਈ। ਇੰਗਲੈਂਡ ਨੇ ਅਪਣੀ ਰਖਿਆਤਮਕ ਰਣਨੀਤੀ ਬਣਾ ਕੇ ਰੱਖੀ ਅਤੇ ਕਪਤਾਨ ਜੋ. ਰੂਟ (32 ਗੇਂਦਾਂ ਵਿਚ 40 ਦੌੜਾਂ) ਦੀ ਛੋਟੀ ਪਰ ਬਿਹਤਰੀਨ ਪਾਰੀ ਦੇ ਦਮ ’ਤੇ ਭਾਰਤ ਨੂੰ ਰਿਕਾਰਡ ਟੀਚਾ ਦੇਣ ਵਿਚ ਸਫ਼ਲ ਰਹੀ। ਇੰਗਲੈਂਡ ਦੇ ਪਹਿਲੀ ਪਾਰੀ ਦੀਆਂ 578 ਦੌੜਾਂ ਦੇ ਜਵਾਬ ਵਿਚ ਭਾਰਤ ਪਹਿਲੀ ਪਾਰੀ ਵਿਚ 337 ਦੌੜਾਂ ’ਤੇ ਆਲ ਆਊਟ ਹੋ ਗਿਆ ਸੀ ਪਰ ਰੂਟ ਨੇ 241 ਦੌੜਾਂ ਦੇ ਵਾਧੇ ਦੇ ਬਾਵਜੂਦ ਫ਼ਾਲੋਆਨ ਨਹੀਂ ਦਿਤਾ। ਭਾਰਤ ਵਲੋਂ ਵਾਸ਼ਿੰਗਟਨ ਸੁੰਦਰ 85 ਦੌੜਾਂ ਬਣਾ ਕੇ ਅਜੇਤੂ ਰਹੇ। (ਪੀਟੀਆਈ)