ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ
ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ
ਕਿਹਾ, ਸਿੱਖ ਭਾਰਤ ਦਾ ਮਾਣ, ਕੁੱਝ ਲੋਕ ਸਿੱਖਾਂ ਨੂੰ ਕਰ ਰਹੇ ਹਨ ਗੁਮਰਾਹ
ਨਵੀਂ ਦਿੱਲੀ, 8 ਫ਼ਰਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅਪਣਾ ਅੰਦੋਲਨ ਖ਼ਤਮ ਕਰ ਕੇ ਸਰਕਾਰ ਨੂੰ ਖੇਤੀਬਾੜੀ ਸੁਧਾਰਾਂ ਲਈ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਖੇਤੀ ਨੂੰ ਖ਼ੁਸ਼ਹਾਲ ਬਣਾਉਣ ਦਾ ਹੈ ਅਤੇ ਸਾਰੇ ਦੇਸ਼ ਨੂੰ ਇਸ ਦਿਸ਼ਾ ਵਲ ਵਧਣਾ ਚਾਹੀਦਾ ਹੈ |
ਰਾਜ ਸਭਾ ਵਿਚ ਰਾਸ਼ਟਰਪਤੀ ਦੇ ਧਨਵਾਦ ਦੇ ਪ੍ਰਸਤਾਵ 'ਤੇ ਵਿਚਾਰ ਵਟਾਂਦਰੇ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਵਿਚ ਸੁਧਾਰ ਹੁੰਦੇ ਹਨ ਤਾਂ ਉਸ ਦਾ ਵਿਰੋਧ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਿਚ ਹਰੀ ਕ੍ਰਾਂਤੀ ਆਈ ਸੀ ਉਸ ਸਮੇਂ ਵੀ ਖੇਤੀਬਾੜੀ ਵਿਚ ਕੀਤੇ ਗਏ ਸੁਧਾਰਾਂ ਦਾ ਵਿਰੋਧ ਹੋਇਆ ਸੀ |
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਅੰਦੋਲਨ ਕਰਨਾ ਤੁਹਾਡਾ ਹੱਕ ਹੈ ਪਰ ਬਜ਼ੁਰਗ ਵੀ ਉਥੇ ਬੈਠੇ ਹੋਏ ਹਨ, ਉਨ੍ਹਾਂ ਨੂੰ ਵਾਪਸ ਲੈ ਜਾਉ ਤੇ ਅੰਦੋਲਨ ਖ਼ਤਮ ਕਰੋ | ਇਹ ਖੇਤੀ ਨੂੰ ਖ਼ੁਸ਼ਹਾਲ ਬਣਾਉਣ ਲਈ ਫ਼ੈਸਲੇ ਲੈਣ ਦਾ ਸਮਾਂ ਹੈ ਅਤੇ ਸਾਨੂੰ ਸਮੇਂ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ | ਸਾਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਦੇਸ਼ ਨੂੰ ਪਿਛੇ ਨਹੀਂ ਧੱਕਣਾ ਚਾਹੀਦਾ |
ਮੋਦੀ ਨੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਖੇਤੀਬਾੜੀ ਸੁਧਾਰਾਂ ਨੂੰ ਇਕ ਮੌਕਾ ਦਿਤਾ ਜਾਵੇ | ਉਨ੍ਹਾਂ ਕਿਹਾ ਕਿ ਸਾਨੂੰ ਇਕ ਵਾਰ ਵੇਖਣਾ ਚਾਹੀਦਾ ਹੈ ਕਿ ਖੇਤੀਬਾੜੀ ਸੁਧਾਰਾਂ ਵਿਚ ਬਦਲਾਅ ਹੁੰਦਾ ਹੈ ਜਾਂ ਨਹੀਂ |