ਗੁਰੂ ਹਰਿਰਾਇ ਜੀ ਦੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਜੀ ਦਾ ਜਨਮ 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ

Special on the birth anniversary of Guru Harirai ji

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ। ਆਪ ਜੀ ਨੇ ਅਪਣੇ ਜੀਵਨ ਕਾਲ ਦੌਰਾਨ ਗ਼ਰੀਬਾਂ, ਲੋੜਵੰਦਾਂ ਤੇ ਰੋਗੀਆਂ ਦੀ ਦੇਖਭਾਲ, ਸੇਵਾ ਅਤੇ ਇਲਾਜ ਵੱਲ ਖ਼ਾਸ ਧਿਆਨ ਦਿਤਾ।

ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ। ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਬਹੁਤ ਸਤਿਕਾਰ ਕਰਦੇ ਅਤੇ ਸਦਾ ਉਨ੍ਹਾਂ ਦੀ ਹਜ਼ੂਰੀ ਵਿਚ ਰਹਿੰਦੇ ਸਨ। ਗੁਰੂ ਜੀ ਬਹੁਤ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। ਆਪ ਜੀ ਦੇ ਦਵਾਖ਼ਾਨੇ ਵਿਚ ਅਮੀਰ ਗ਼ਰੀਬ ਇਲਾਜ ਕਰਵਾਇਆ ਕਰਦੇ ਸਨ।

ਜਦੋਂ ਜਹਾਂਗੀਰ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ ਅਤੇ ਕਿਧਰੇ ਵੀ ਇਲਾਜ ਨਾ ਹੋਇਆ ਤਾਂ ਗੁਰੂ ਸਾਹਿਬ ਜੀ ਦੇ ਦਵਾਖ਼ਾਨੇ ਤੋਂ ਦਵਾਈ ਮੰਗਵਾਈ ਗਈ, ਜਿਸ ਨਾਲ ਉਹ ਤੰਦਰੁਸਤ ਹੋ ਗਿਆ। ਆਪ ਜੀ ਕੋਲ ਤਿਆਰ-ਬਰ-ਤਿਆਰ 2200 ਸਵਾਰ ਰਹਿੰਦੇ ਪਰ ਆਪ ਨੂੰ ਕੋਈ ਜੰਗ ਨਹੀਂ ਕਰਨੀ ਪਈ।  ਜਦੋਂ ਦਾਰਾ ਸ਼ਿਕੋਹ ਆਪਣੇ ਭਰਾ ਔਰੰਗਜ਼ੇਬ ਤੋਂ ਬਚਣ ਲਈ ਗੁਰੂ ਜੀ ਦੀ ਸ਼ਰਨ ਵਿਚ ਗੋਇੰਦਵਾਲ ਵਿਖੇ ਪਹੁੰਚਿਆ ਅਤੇ ਉਸ ਨੇ ਸਹਾਇਤਾ ਦੀ ਪੁਕਾਰ ਕੀਤੀ ਤਾਂ ਗੁਰੂ ਸਾਹਿਬ ਨੇ ਮਗਰ ਆ ਰਹੀ ਔਰੰਗਜ਼ੇਬ ਦੀ ਫ਼ੌਜ ਨੂੰ ਦਰਿਆ ਤੋਂ ਪਾਰ ਰੋਕ ਦਿਤਾ।

ਸੰਨ 1661 ਈ: ਵਿਚ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰੂ ਨਾਨਕ ਦੀ ਗੱਦੀ ’ਤੇ ਬਿਠਾ ਕੇ ਪੰਜ ਪੈਸੇ ਤੇ ਨਾਰੀਅਲ ਰੱਖ, ਪੰਜ ਪਰਿਕਰਮਾ ਕਰ ਕੇ ਮੱਥਾ ਟੇਕਿਆ, ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ ਅਤੇ ਅੱਠਵੇਂ ਗੁਰੂ ਨਾਨਕ ਪ੍ਰਗਟ ਕੀਤੇ। ਇਸ ਤੋਂ ਬਾਅਦ ਆਪ ਜੀ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਅਖ਼ਰੀਲਾ ਸਮਾਂ ਕੀਰਤਪੁਰ ਸਾਹਿਬ ’ਚ ਹੀ ਬੀਤਿਆ। 1661 ਵਿਚ ਉਹ ਜੋਤੀ ਜੋਤ ਸਮਾ ਗਏ। ਉਨ੍ਹਾਂ ਦਾ ਅੰਤਮ ਸਸਕਾਰ ਸਤਲੁਜ ਦਰਿਆ ਦੇ ਕੰਢੇ ਪਾਤਾਲਪੁਰੀ ਵਿਖੇ ਕੀਤਾ ਗਿਆ।