ਸਥਾਨਕ ਕਿਸਾਨ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਖੁਸ਼ ਪਰ ਸਰਕਾਰ ਤੋਂ ਖ਼ਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਂਘੇ ਲਈ ਚਾਰ ਪਿੰਡਾਂ (ਪੱਖੋਕੇ, ਡੇਰਾ ਬਾਬਾ ਨਾਨਕ, ਜੋੜੀਆਂ ਖੁਰਦ ਅਤੇ ਚੰਦੂ ਨੰਗਲ) ਦੀ 100 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਜਾਵੇਗੀ।

Jogendra Singh land to be acquired

3 ਏਕੜ ਜ਼ਮੀਨ ਦੇ ਮਾਲਕ ਜੋਗਿੰਦਰ ਸਿੰਘ ਨੇ ਮੀਡੀਏ ਨਾਲ ਗੱਲ ਕਰਦੇ ਦੱਸਿਆ ਕਿ ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਖੇਤੀ ਦੇ ਨਾਲ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹਨ ਅਤੇ ਐਕਵਾਇਰ ਕੀਤੀ ਜਾ ਰਹੀ ਜ਼ਮੀਨ 'ਚ ਉਨ੍ਹਾਂ ਦਾ ਮੱਝਾਂ ਦਾ ਵਾੜਾ ਵੀ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਜਿਹੜੀ ਜ਼ਮੀਨ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਉਪਜਾਊ ਹੈ ਅਤੇ ਸਰਕਾਰ ਭਾਅ ਨਿਸ਼ਚਿਤ ਕੀਤੇ ਬਿਨਾਂ ਉਨ੍ਹਾਂ ਦੀ ਜ਼ਮੀਨ ਲੈ ਰਹੀ ਹੈ।

ਇੱਕ ਪਾਸੇ ਜਿੱਥੇ ਪੁਲਵਾਮਾ 'ਚ ਸੀਆਰਪੀਐਫ ਜਵਾਨਾਂ ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਦੋਵਾਂ ਦੇਸਾਂ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ 'ਤੇ ਨਹੀਂ ਹੈ ਅਤੇ ਦੋਵੇਂ ਦੇਸ ਇਸ ਲਾਂਘੇ ਨੂੰ ਬਣਾਉਣ ਲਈ ਇੱਕ ਸੁਰ ਹਨ।

ਦੂਜੇ ਪਾਸੇ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਵੀ ਸਰਕਾਰ ਵੱਲੋਂ ਜ਼ਮੀਨ ਐਕਵਾਇਰ ਕਰਨ ਦਾ ਕੰਮ ਚੱਲ ਰਿਹਾ ਹੈ। ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲਾਂਘੇ ਲਈ ਐਕਵਾਇਰ ਕੀਤੀ ਜਾਣੀ ਹੈ ਉਹ ਸਾਰੇ ਇੱਕ ਥਾਂ ਉੱਤੇ ਹੀ ਇਕੱਠੇ ਹੋਏ ਬੈਠੇ ਸਨ। ਅਜੇ ਗੱਲਬਾਤ ਦੀ ਰਸਮੀ ਸ਼ੁਰੂਆਤ ਹੋਈ ਹੀ ਸੀ ਕਿ ਸੂਚਨਾ ਮਿਲੀ ਕਿ ਸਰਕਾਰੀ ਕਰਮਚਾਰੀ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਰਹੇ ਹਨ।

ਕਿਸਾਨ ਤੁਰੰਤ ਗੱਲਬਾਤ ਵਿਚਾਲੇ ਛੱਡ ਕੇ ਖੇਤਾਂ ਵਾਲੇ ਪਾਸੇ ਚਾਲਾ ਪਾ ਦਿੰਦੇ ਹਨ। ਕਿਸਾਨ ਜਾਂਦੇ ਸਾਰ ਹੀ ਉੱਥੇ ਨਿਸ਼ਾਨਦੇਹੀ ਕਰ ਰਹੀ ਟੀਮ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਆਖਦੇ ਹਨ ਪਹਿਲਾ ਉਨ੍ਹਾਂ ਦੀ ਜ਼ਮੀਨ ਦਾ ਮੁਆਵਜ਼ਾ ਤੈਅ ਕੀਤਾ ਜਾਵੇ ਫਿਰ ਅੱਗੇ ਦੀ ਕਾਰਵਾਈ ਹੋਵੇ। ਇਸ ਦੌਰਾਨ ਕਿਸਾਨ ਟੀਮ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕਰਨੀ ਸ਼ੁਰੂ ਕਰ ਦਿੰਦੇ ਹਨ। ਮਾਹੌਲ ਗਰਮ ਹੁੰਦਾ ਵੇਖ ਨਿਸ਼ਾਨਦੇਹੀ ਕਰਨ ਵਾਲੀ ਟੀਮ ਆਪਣਾ ਕੰਮ ਬੰਦ ਕਰ ਦਿੰਦੀ ਹੈ।

ਮਾਹੌਲ ਭਖਦਾ ਵੇਖ ਮੌਕੇ ਉੱਤੇ ਮੌਜੂਦ ਪੁਲਿਸ ਅਧਿਕਾਰੀ ਕਿਸਾਨਾਂ ਨੂੰ ਸ਼ਾਂਤ ਕਰਦੇ ਹਨ। ਕਿਸਾਨ ਜੈਮਲ ਸਿੰਘ ਨੇ ਦੱਸਿਆ, "ਇੱਕ ਥਾਂ ਤੋਂ ਉੱਜੜ ਕੇ ਦੂਜੀ ਥਾਂ 'ਤੇ ਫਿਰ ਤੋਂ ਜ਼ਿਦਗੀ ਦੀ ਸ਼ੁਰੂਆਤ ਕਰਨੀ ਬਹੁਤ ਔਖੀ ਹੈ। ਪਰ ਇਸ ਦੇ ਬਾਵਜੂਦ ਅਸੀਂ ਲੋਕਾਂ ਦੀ ਆਸਥਾ ਦੇ ਮੱਦੇਨਜ਼ਰ ਜ਼ਮੀਨ ਦੇਣ ਲਈ ਤਿਆਰ ਵੀ ਹਾਂ ਬਸ਼ਰਤੇ ਸਰਕਾਰ ਸਾਨੂੰ ਇਸ ਦਾ ਸਹੀ ਮੁੱਲ ਦੇਵੇ।

 ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਕਿਸਾਨ ਜ਼ਿਆਦਾਤਰ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਸ਼ਹਿਰ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਇਸ ਦਾ ਮੁੱਲ ਵੀ ਵਧੀਆ ਮਿਲਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, ਪਰ ਇੱਥੋਂ ਉੱਜੜ ਕੇ ਦੂਜੀ ਥਾਂ 'ਤੇ ਸਾਨੂੰ ਝੋਨੇ ਵਾਲੀ ਜ਼ਮੀਨ ਲੈਣੀ ਪੈਣੀ ਹੈ ਅਤੇ ਸਾਡੇ ਖ਼ਰਚੇ ਵੀ ਵੱਧ ਜਾਣਗੇ। ਇਸ ਲਈ ਅਸੀਂ ਸਰਕਾਰ ਤੋਂ ਬਣਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਾਂ।

ਜੋਗਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ, "ਬਾਰਡਰ ਇਲਾਕੇ ਵਿਚ ਪਹਿਲਾਂ ਹੀ ਦਿੱਕਤਾਂ ਬਹੁਤ ਜ਼ਿਆਦਾ ਹਨ ਅਤੇ ਇਸ ਜ਼ਮੀਨ ਦੇ ਸਿਰ 'ਤੇ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ। ਹੁਣ ਉਹ ਵੀ ਸਰਕਾਰ ਸਾਥੋਂ ਤੋਂ ਲੈ ਰਹੀ ਹੈ, ਹੁਣ ਪਤਾ ਨਹੀਂ ਨਵੀਂ ਥਾਂ 'ਤੇ ਕਿੱਥੇ ਟਿਕਾਣਾ ਬਣਾਉਣਾ ਪਵੇਗਾ। ਇਸ ਤੋਂ ਬਾਅਦ ਉਹ ਫਿਰ ਵਾੜੇ ਵਿਚ ਕੰਮ ਕਰਨ ਲੱਗੀ ਜਾਂਦੀ ਹੈ।

ਦੂਜੇ ਪਾਸੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਪੱਤਰਕਾਰਾ ਨੂੰ ਦੱਸਿਆ ਕਿ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਮਾਮਲਾ ਛੇਤੀ ਹੀ ਸੁਲਝਾ ਲਿਆ ਜਾਵੇਗਾ। ਇਸ ਲਾਂਘੇ ਲਈ 100 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਡੇਰਾ ਬਾਬਾ ਨਾਨਕ ਦੇ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ, ਲਾਂਘੇ ਲਈ ਚਾਰ ਪਿੰਡਾਂ (ਪੱਖੋਕੇ, ਡੇਰਾ ਬਾਬਾ ਨਾਨਕ, ਜੋੜੀਆਂ ਖੁਰਦ ਅਤੇ ਚੰਦੂ ਨੰਗਲ) ਦੀ 100 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕੀਤੀ ਜਾਵੇਗੀ।

ਜਿਸ ਵਿਚ 58 ਏਕੜ 'ਚ ਲਾਂਘੇ ਲਈ ਅਤੇ 50 ਏਕੜ ਵਿਚ ਇੰਟੀਗ੍ਰੇਟਿਡ ਚੈੱਕ ਪੋਸਟ ਬਣੇਗਾ। ਜ਼ਮੀਨ ਐਕਵਾਇਰ ਕਰਨ ਦੇ ਲਈ ਐਸਡੀਐਮ ਡੇਰਾ ਬਾਬਾ ਨਾਨਕ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ ਜੋ ਕਿਸਾਨਾਂ ਤੋਂ ਜ਼ਮੀਨ ਲੈ ਕੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦੇਵੇਗਾ। ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਡੇਰਾ ਬਾਬਾ ਨਾਨਕ ਦੇ ਨਾਲ ਲਗਦੇ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ।

ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਲਾਹੌਰ ਤੋਂ ਇਹ 130 ਕਿੱਲੋਮੀਟਰ ਦੂਰ ਹੈ। ਪਰ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਨੇ ਇਸ ਸਫ਼ਰ ਨੂੰ ਬੇਹੱਦ ਲੰਬਾ ਬਣਾ ਦਿੱਤਾ ਹੈ। ਹੁਣ ਤੱਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਸ਼ਰਧਾਲੂ ਡੇਰਾ ਬਾਬਾ ਨਾਨਕ ਵਿਖੇ ਭਾਰਤ ਵਾਲੇ ਪਾਸੇ ਤੋਂ ਦੂਰਬੀਨ ਰਾਹੀਂ ਕਰਦੇ ਹਨ ਪਰ ਇਸ ਲਾਂਘੇ ਦੇ ਬਣਨ ਨਾਲ ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਿੱਧੇ ਤੌਰ 'ਤੇ ਕਰ ਸਕਣਗੇ।

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਸਿੱਖ ਸ਼ਰਧਾਲੂਆਂ ਵੱਲੋਂ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਸੀ। ਪਿਛਲੇ ਸਾਲ ਅਗਸਤ ਮਹੀਨੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੱਕ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਵਾਪਸ ਦੇਸ਼ ਵਾਪਸੀ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਪਾਕਿਸਤਾਨ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹੈ।