ਜਲੰਧਰ ਦੇ ਸਰਕਾਰੀ ਆਸ਼ਰਮ ’ਚੋਂ 39 ਕੁੜੀਆਂ ਭੱਜੀਆਂ, 35 ਲੱਭੀਆਂ, 4 ਲਾਪਤਾ
ਪੁਲਿਸ ਨੇ ਕਾਰਵਾਈ ਕਰਦਿਆਂ 35 ਕੁੜੀਆਂ ਵਾਪਸ ਲਿਆਂਦੀਆਂ
ਜਲੰਧਰ (ਸੁਸ਼ੀਲ ਹੰਸ) : ਜਿੱਥੇ ਪੂਰੀ ਦੁਨੀਆ ਵਿਚ ਔਰਤਾਂ ਨੂੰ ਸਨਮਾਨ ਦੇਣ ਲਈ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ, ਉਥੇ ਹੀ ਜਲੰਧਰ ਦੇ ਇਕ ਆਸ਼ਰਮ ਵਿਚੋਂ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਂਦੇ ਹੋਏ 39 ਲੜਕੀਆਂ ਫ਼ਰਾਰ ਹੋ ਗਈਆਂ। ਹਾਲਾਂਕਿ ਕੁੱਝ ਸਮੇਂ ਬਾਅਦ ਹੀ ਪੁਲਿਸ ਵੱਲੋਂ ਇਨ੍ਹਾਂ ਵਿਚੋਂ 35 ਲੜਕੀਆਂ ਨੂੰ ਫੜ ਲਿਆ ਗਿਆ ਜਦਕਿ 4 ਲੜਕੀਆਂ ਅਜੇ ਵੀ ਲਾਪਤਾ ਦੱਸੀਆਂ ਜਾ ਰਹੀਆਂ ਹਨ।
ਮਾਮਲਾ ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਦਾ ਹੈ ਜੋ ਸਰਕਾਰ ਵੱਲੋਂ ਲੜਕੀਆਂ ਲਈ ਬਣਾਇਆ ਗਿਆ ਇਕ ਪਨਾਹਘਰ ਹੈ। ਇਸ ਸਰਕਾਰੀ ਆਸ਼ਰਮ ਵਿਚ 85 ਦੇ ਕਰੀਬ ਲੜਕੀਆਂ ਰਹਿੰਦੀਆਂ ਹਨ। ਇਨ੍ਹਾਂ ਲੜਕੀਆਂ ਨੇ ਪ੍ਰਬੰਧਕਾਂ ’ਤੇ ਇਲਜ਼ਾਮ ਲਗਾਉਂਦਿਆਂ ਆਖਿਆ ਕਿ ਉਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਅਤੇ ਖਾਣ ਲਈ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਦਿੱਤੀ ਜਾਂਦੀ। ਇਸੇ ਰਵੱਈਏ ਤੋਂ ਤੰਗ ਆ ਕੇ ਇਨ੍ਹਾਂ ਲੜਕੀਆਂ ਨੇ ਇਹ ਕਦਮ ਚੁੱਕਿਆ।
ਫਿਲਹਾਲ ਲੜਕੀਆਂ ਦੇ ਆਸ਼ਰਮ ਵਿਚੋਂ ਫ਼ਰਾਰ ਹੋ ਜਾਣ ’ਤੇ ਆਸ਼ਰਮ ਪ੍ਰਬੰਧਕਾਂ ਵਿਰੁੱਧ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਲੜਕੀਆਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ 'ਤੇ ਕੀ ਕਾਰਵਾਈ ਕਰਦੀ ਹੈ।