ਪੰਥਕ ਸ਼ਖ਼ਸੀਅਤ ਭਾਈ ਤਰਸੇਮ ਸਿੰਘ ਦੇ ਅੰਤਮ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹੋਈਆਂ ਸ਼ਾਮਲ

ਏਜੰਸੀ

ਖ਼ਬਰਾਂ, ਪੰਜਾਬ

ਪੰਥਕ ਸ਼ਖ਼ਸੀਅਤ ਭਾਈ ਤਰਸੇਮ ਸਿੰਘ ਦੇ ਅੰਤਮ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹੋਈਆਂ ਸ਼ਾਮਲ

image

ਨਵੀਂ ਦਿੱਲੀ: 8 ਮਾਰਚ (ਅਮਨਦੀਪ ਸਿੰਘ) :ਸਿੱਖਾਂ ਦੇ ਵੱਡੇ ਇਕੱਠ ਦੀ ਹਾਜ਼ਰੀ ਵਿਚ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਨਾਲ ਅੱਜ ਪੰਥਕ ਸ਼ਖ਼ਸੀਅਤ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਦਾ ਅੰਤਮ ਸਸਕਾਰ ਕਰ ਦਿਤਾ ਗਿਆ।
ਇਥੋਂ ਦੇ ਪੱਛਮੀ ਦਿੱਲੀ ਦੇ ਤਿਲਕ ਨਗਰ ਵਿਚਲੇ ਤਿਲਕ ਵਿਹਾਰ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ  ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ, ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਹਿਤ, ਧਰਮ ਪ੍ਰਚਾਰ ਕਮੇਟੀ ਦੇ ਕੋ ਚੇਅਰਮੈਨ ਸ. ਇੰਦਰਜੀਤ ਸਿੰਘ ਮੌਂਟੀ, ਸਾਬਕਾ ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ, ਸ.ਭਜਨ ਸਿੰਘ ਵਾਲੀਆ ਤੇ ਹੋਰਨਾਂ ਨੇ ਸਿਰਪਾਉ ਤੇ ਦੁਸ਼ਾਲੇ ਚੜ੍ਹਾ ਕੇ ਸਤਿਕਾਰ ਭੇਟ ਕੀਤਾ।
‘ਜਾਗੋ’ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ, ਸਾਬਕਾ ਪ੍ਰਧਾਨ ਸ.ਹਰਵਿੰਦਰ ਸਿੰਘ ਸਰਨਾ, ਇਲਾਕੇ ਦੇ ਕੌਂਸਲਰ ਸ.ਗੁਰਮੁਖ ਸਿੰਘ ਬਿੱਟੂ,  ਇਲਾਕਾ ਮੈਂਬਰ ਸ.ਚਮਨ ਸਿੰਘ ਸ਼ਾਹਪੁਰਾ, ਸ਼੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ ) ਦੇ ਕੋਆਰਡੀਨੇਟਰ ਸ.ਹਰਪ੍ਰੀਤ ਸਿੰਘ ਬੰਨੀ ਜੌਲੀ ਤੇ ਹੋਰਨਾਂ ਸਣੇ ਭਾਈ ਤਰਸੇਮ ਸਿੰਘ ਤੋਂ ਗੁਰਮਤਿ ਦੀ ਸਿੱਖਿਆ ਹਾਸਲ ਕਰਨ ਵਾਲੇ ਉਨ੍ਹਾਂ ਦੇ ਸ਼ਾਗਿਰਦ ਨੌਜਵਾਨਾਂ, ਬੀਬੀਆਂ, ਮਾਤਾਵਾਂ ਸਣੇ ਨਾਮਧਾਰੀ ਭਾਈਚਾਰੇ ਦੇ ਸੱਜਣ ਵੀ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਭਾਈ ਤਰਸੇਮ ਸਿੰਘ ਦੇ ਗ੍ਰਹਿ ਗਲੀ ਨੰਬਰ 18 ਸੰਤ ਗੜ੍ਹ ਤੋਂ ਸਵੇਰੇ ਪੌਣੇ ਬਾਰਾਂ ਵੱਜੇ ਗੁਰਬਾਣੀ ਕੀਰਤਨ ਕਰਦੇ ਹੋਏ ਇਕ ਟੈਂਪੂ ‘ਤੇ ਭਾਈ ਤਰਸੇਮ ਸਿੰਘ ਦੀ ਮ੍ਰਿਤਕ ਦੇਹ ਸਜਾ ਕੇ, ਅੰਤਮ ਯਾਤਰਾ ਕੱਢੀ ਗਈ, ਜੋ ਗੁਰੂ ਨਾਨਕ ਨਗਰ, ਸੰਤ ਗੜ੍ਹ, ਪ੍ਰਿੰਥਵੀ ਪਾਰਕ ਇਲਾਕਿਆਂ ਤੇ ਗੁਰਦਵਾਰਿਆਂ ਅੱਗੋਂ ਹੋ ਕੇ ਇਕ ਘੰਟੇ ਦਾ  ਸਫ਼ਰ ਤੈਅ ਕਰ ਕੇ, ਅਖ਼ੀਰ ਸ਼ਮਸ਼ਾਨ ਘਾਟ ਪੁੱਜੀ।
ਇਥੋਂ ਭਾਈ ਤਰਸੇਮ ਸਿੰਘ ਦੀ ਹਰਮਨ ਪਿਆਰਤਾ ਦਾ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਇਲਾਕੇ ਦੇ ਲੋਕ ਆਪਣੇ ਘਰਾਂ ਦੇ ਚੁਬਾਰਿਆਂ, ਗੱਲੀਆਂ ਦੇ ਕੰਢੇ ਤੇ ਰਾਹਾਂ ਵਿਚ ਹੱਥ ਜੋੜੀ ਖਲੋਤੇ ਸਨ ਤੇ ਸਭ ਦੀਆਂ ਅੱਖਾਂ ਨਮ ਸਨ। 
ਟੈਂਪੂ ‘ਤੇ ਮ੍ਰਿਤਕ ਦੇਹ ਨਾਲ ਭਾਈ ਤਰਸੇਮ ਸਿੰਘ ਦੇ ਸਪੁੱਤਰ ਸ.ਮਨਜੀਤ ਸਿੰਘ, ਸ.ਇੰਦਰਜੀਤ ਸਿੰਘ ਮੌਂਟੀ, ਸ.ਹਰਮੀਤ ਸਿੰਘ ਪਿੰਕਾ ਤੇ ਹੋਰ ਸੱਜਣ ਬੈਠੇ ਹੋਏ ਸਨ। 
ਅੰਤਮ ਯਾਤਰਾ ਵਿਚ ਮ੍ਰਿਤਕ ਦੀ ਧਰਮ ਪਤਨੀ ਸਰਦਾਰਨੀ ਨਿਰਮਲਜੀਤ ਕੌਰ, ਦੋਵੇਂ ਧੀਆਂ, ਰਜਵਿੰਦਰ ਕੌਰ ਤੇ ਸਿਮਰਜੀਤ ਕੌਰ, ਹੋਰ ਸਾਕ ਸਬੰਧੀਆਂ ਸਣੇ ਦਿੱਲੀ ਗੁਰਦਵਾਰਾ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਸ.ਰਮਨਦੀਪ ਸਿੰਘ, ਸਿੰੰਘ, ਇਸਤਰੀ ਅਕਾਲੀ ਦਲ ਦਿੱਲੀ ਦੀ ਪ੍ਰਧਾਨ ਬੀਬੀ ਮਨਜੀਤ ਕੌਰ ( ਨਿੱਤੀ ਜੱਗੀ),  ਸਭਾਵਾਂ ਦੇ ਨੁਮਾਇੰਦੇ ਤੇ ਹੋਰ ਸ਼ਾਮਲ ਸਨ। 14 ਮਾਰਚ ਐਤਵਾਰ ਨੂੰ ਭਾਈ ਤਰਸੇਮ ਸਿੰਘ ਦੇ ਗ੍ਰਹਿ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਰੱਖਿਆ ਜਾਵੇਗਾ ਜਿਸਦੀ ਸਮਾਪਤੀ 16 ਮਾਰਚ ਨੂੰ ਹੋਵੇਗੀ। ਪਿਛੋਂ ਨੇੜਲੇ ਗੁਰਦਵਾਰਾ ਸਾਹਿਬ ਵਿਖੇ ਅੰਤਮ ਅਰਦਾਸ ਹੋਵੇਗੀ।