ਔਰਤ ਕਿਸਾਨਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮੋਰਚੇ ਵਾਲੀਆਂ ਥਾਵਾਂ 'ਤੇ ਸੰਭਾਲਿਆ ਮੰਚ

ਏਜੰਸੀ

ਖ਼ਬਰਾਂ, ਪੰਜਾਬ

ਔਰਤ ਕਿਸਾਨਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮੋਰਚੇ ਵਾਲੀਆਂ ਥਾਵਾਂ 'ਤੇ ਸੰਭਾਲਿਆ ਮੰਚ

image

ਨਵੀਂ ਦਿੱਲੀ, 8 ਮਾਰਚ (ਸੁਖਰਾਜ): ਦਿੱਲੀ ਕਿਸਾਨ ਮੋਰਚੇ ਦੌਰਾਨ ਅੱਜ ਬੀ ਕੇ ਯੂ ਏਕਤਾ (ਉਗਰਾਹਾਂ) ਵਲੋਂ ਔਰਤ ਦਿਹਾੜੇ ਮੌਕੇ ਵਿਸ਼ਾਲ ਔਰਤ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਪੰਜਾਬ ਤੇ ਹਰਿਆਣੇ ਦੀਆਂ 30 ਹਜ਼ਾਰਾਂ ਔਰਤਾਂ ਨੇ ਪੂਰੇ ਜੋਸ਼ੋ ਖ਼ਰੋਸ਼ ਨਾਲ ਸ਼ਮੂਲੀਅਤ ਕੀਤੀ | ਟਿੱਕਰੀ ਬਾਰਡਰ ਉਤੇ ਪਕੌੜਾ ਚੌਕ ਕੋਲ ਵਸਾਏ ਗਏ ਗ਼ਦਰੀ ਗੁਲਾਬ ਕੌਰ ਨਗਰ ਵਿਚ ਆਏ ਔਰਤਾਂ ਦੇ ਹੜ੍ਹ ਨੇ ਚੱਲ ਰਹੇ ਮੋਰਚੇ ਅੰਦਰ ਨਵੀਂ ਰੂਹ ਫੂਕ ਦਿਤੀ | ਇਸ ਵਿਸ਼ਾਲ ਕਾਨਫ਼ਰੰਸ ਦਾ ਸਮੁੱਚਾ ਸੰਚਾਲਨ ਔਰਤਾਂ ਵਲੋਂ ਹੀ ਕੀਤਾ ਗਿਆ ਤੇ ਇਸ ਨੂੰ  ਔਰਤ ਬੁਲਾਰਿਆਂ ਨੇ ਸੰਬੋਧਨ ਕੀਤਾ | ਕਾਨਫਰੰਸ ਦੀ ਸ਼ੁਰੁਆਤ ਕੌਮੀ ਮੁਕਤੀ ਲਹਿਰ ਤੇ  ਕਿਸਾਨ ਸੰਘਰਸ਼ਾਂ ਦੌਰਾਨ ਸ਼ਹਾਦਤ ਪਾਉਣ ਵਾਲੀਆਂ ਔਰਤਾਂ ਨੂੰ  ਸ਼ਰਧਾਂਜਲੀ ਦੇਣ ਨਾਲ ਹੋਈ ਜਿਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ 


ਰੱਖਿਆ ਗਿਆ | ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ (ਉਗਰਾਹਾਂ) ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ  ਨੇ ਕਿਹਾ ਕਿ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਔਰਤਾਂ ਦਾ ਰੋਲ ਮਿਸਾਲੀ ਹੈ ਕਿਉਂਕਿ ਔਰਤਾਂ ਪਹਿਲਾਂ ਹੀ ਖੇਤੀ ਸੰਕਟ ਦੀ ਸਭ ਤੋਂ ਵੱਧ ਮਾਰ ਹੰਢਾ ਰਹੀਆਂ ਹਨ ਤੇ ਔਰਤਾਂ ਨੇ ਇਸ ਨਵੇਂ ਕਾਰਪੋਰੇਟ ਹਮਲੇ ਨੂੰ  ਪਹਿਚਾਣ ਲਿਆ ਹੈ | ਸਮਾਜ ਦੇ ਅੰਦਰ ਸਭ ਤੋਂ ਵੱਧ ਦੁੱਖ ਤਕਲੀਫ਼ਾਂ ਸਹਿ ਸਕਣ ਦੀ ਸਮਰੱਥਾ ਵਾਲੇ ਇਸ ਤਬਕੇ ਦਾ ਸੰਘਰਸ਼ ਅੰਦਰ ਸ਼ਾਮਲ ਹੋਣਾ ਸੰਘਰਸ਼ ਦਾ ਇੱਕ ਅਜਿਹਾ ਤਾਕਤਵਰ ਪਹਿਲੂ ਹੈ ਜਿਸ ਨੂੰ  ਹੋਰ ਅੱਗੇ ਵਧਾਉਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਅੰਦਰ ਹੋਏ ਜਨਤਕ ਸੰਘਰਸ਼ਾਂ ਅੰਦਰ ਖੇਤ ਮਜਦੂਰ ਤੇ ਕਿਸਾਨ ਔਰਤਾਂ ਦੀਆਂ ਲਾਮਬੰਦੀਆਂ ਨੇ ਔਰਤ ਹੱਕਾਂ ਦੀ ਲਹਿਰ ਲਈ ਵੀ ਇੱਕ ਨਿੱਗਰ ਆਧਾਰ ਸਿਰਜਿਆ ਹੈ ਜਿਸ ਰਾਹੀਂ ਔਰਤ ਹੱਕਾਂ ਦੀ ਗੱਲ ਚੱਲਣ ਦਾ ਹਾਂਦਰੂ ਮਾਹੌਲ ਉਸਰਦਾ ਹੈ | ਇਸ ਮੌਕੇ ਮਹਿਲਾ ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ ਤੇ ਪਰਮਜੀਤ ਕੌਰ ਕੋਟੜਾ ਨੇ ਬੀਤੇ ਸਮਿਆਂ ਦੌਰਾਨ ਲੜੇ ਗਏ ਸੰਘਰਸਾਂ ਦੌਰਾਨ ਕਿਸਾਨ ਮਜਦੂਰ ਔਰਤਾਂ ਵੱਲੋਂ ਪਾਏ ਅਹਿਮ ਯੋਗਦਾਨ ਦੀ ਚਰਚਾ ਕਰਦਿਆਂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਮੋਰਚੇ ਦੀ ਜਿੱਤ ਤੱਕ ਡਟੇ ਰਹਿਣ ਦਾ ਐਲਾਨ ਕੀਤਾ |